ਵਾਰਾਣਸੀ ’ਚ ਇਕ ਘੰਟੇ ’ਚ 2.51 ਲੱਖ ਤੋਂ ਵੱਧ ਪੌਦੇ ਲਾ ਕੇ ਬਣਾਇਆ ਵਿਸ਼ਵ ਰਿਕਾਰਡ
Monday, Mar 02, 2026 - 02:33 AM (IST)
ਵਾਰਾਣਸੀ - ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਸੁਜਾਬਾਦ ਡੋਮਰੀ ਖੇਤਰ ’ਚ ਆਯੋਜਿਤ ‘ਵਿਸ਼ਾਲ ਪੌਦੇ ਲਾਉਣ ਦੇ ਪ੍ਰੋਗਰਾਮ’ ਵਿਚ ਐਤਵਾਰ ਨੂੰ ਸਿਰਫ ਇਕ ਘੰਟੇ ’ਚ 2,51,446 ਪੌਦੇ ਲਾ ਕੇ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇਸ ਪ੍ਰਾਪਤੀ ਨਾਲ ਸਾਲ 2018 ਵਿਚ ਚੀਨ ਵੱਲੋਂ ਬਣਾਏ ਗਏ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਗਿਨੀਜ਼ ਵਰਲਡ ਰਿਕਾਰਡਜ਼ ਦੇ ਜਿਊਰੀ ਮੈਂਬਰ ਰਿਸ਼ੀ ਨਾਥ ਨੇ ਮੇਅਰ ਅਸ਼ੋਕ ਕੁਮਾਰ ਤਿਵਾਰੀ ਅਤੇ ਨਗਰ ਨਿਗਮ ਕਮਿਸ਼ਨਰ ਹਿਮਾਂਸ਼ੂ ਨਾਗਪਾਲ ਨੂੰ ਸਰਟੀਫਿਕੇਟ ਸੌਂਪਿਆ। ਡਰੋਨ ਕੈਮਰਿਆਂ ਅਤੇ ਡਿਜੀਟਲ ਗਿਣਤੀ ਪ੍ਰਣਾਲੀ ਰਾਹੀਂ ਤਸਦੀਕ ਕਰਨ ਤੋਂ ਬਾਅਦ ਰਿਕਾਰਡ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ।
ਨਗਰ ਨਿਗਮ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 350 ਵੀਘਾ ਇਲਾਕੇ ਵਿਚ ਵਿਕਸਤ ਕੀਤੇ ਗਏ ਇਸ ‘ਸ਼ਹਿਰੀ ਜੰਗਲ’ ਨੂੰ 60 ਸੈਕਟਰਾਂ ਵਿਚ ਵੰਡਿਆ ਗਿਆ ਹੈ। ਹਰੇਕ ਸੈਕਟਰ ਦਾ ਨਾਂ ਕਾਸ਼ੀ ਦੇ ਪ੍ਰਮੁੱਖ ਘਾਟਾਂ ਦਸ਼ਾਸ਼ਵਮੇਧ, ਮਣੀਕਰਨਿਕਾ, ਕੇਦਾਰ, ਲਲਿਤਾ, ਮਾਨ ਮੰਦਰ ਅਤੇ ਸ਼ੀਤਲਾ ਘਾਟ ਦੇ ਨਾਂ ’ਤੇ ਰੱਖਿਆ ਗਿਆ ਹੈ। ਇੱਥੇ ਸ਼ੀਸ਼ਮ, ਅਰਜੁਨ, ਸਾਗਵਾਨ, ਬਾਂਸ ਸਮੇਤ 27 ਦੇਸੀ ਪ੍ਰਜਾਤੀਆਂ ਦੇ ਪੌਦੇ ਲਾਏ ਗਏ ਹਨ। ਇਸ ਦੇ ਨਾਲ ਹੀ ਫਲਦਾਰ ਅਤੇ ਔਸ਼ਧੀ ਪੌਦਿਆਂ ਨੂੰ ਵੀ ਪਹਿਲ ਦਿੱਤੀ ਗਈ ਹੈ।
ਸਮਾਗਮ ਵਿਚ ਭਾਰਤੀ ਫੌਜ, ਐੱਨ.ਡੀ.ਆਰ.ਐੱਫ., ਸੀ.ਆਰ.ਪੀ.ਐੱਫ., ਸਿਵਲ ਡਿਫੈਂਸ ਅਤੇ ਪੀ.ਏ.ਸੀ. ਦੇ ਜਵਾਨਾਂ ਨੇ ਵੀ ਹਿੱਸਾ ਲਿਆ। ਪੌਦਿਆਂ ਦੀ ਸੰਭਾਲ ਲਈ 10,827 ਮੀਟਰ ਪਾਈਪਲਾਈਨ, 10 ਬੋਰਵੈੱਲ ਅਤੇ 360 ਰੇਨ ਗਨ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਮੇਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਕਾਸ਼ੀ ਨੇ ਵਾਤਾਵਰਣ ਦੀ ਸੰਭਾਲ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।
