''ਵਾਇਨਾਡ ''ਚ ਤਬਾਹੀ'' ਦਰਮਿਆਨ ਮਾਸੂਮ ਨੇ ਲਿਖੀ ਚਿੱਠੀ, ਭਾਰਤੀ ਫ਼ੌਜ ਨੇ ਦਿੱਤਾ ਜਵਾਬ- ਤੁਸੀਂ ਦਿਲ ਜਿੱਤ ਲਿਆ

Wednesday, Aug 07, 2024 - 01:57 PM (IST)

ਵਾਇਨਾਡ- ਕੇਰਲ ਦੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ 'ਚ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ। ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਣ ਲਈ 1300 ਤੋਂ ਵੱਧ ਬਚਾਅ ਕਰਮੀ ਦਿਨ-ਰਾਤ ਜੁੱਟੇ ਹੋਏ ਹਨ। ਵਾਇਨਾਡ ਤੋਂ ਆ ਰਹੀਆਂ ਰੂਹਾਂ ਨੂੰ ਕੰਬਾਅ ਦੇਣ ਵਾਲੀਆਂ ਤਸਵੀਰਾਂ ਦਰਮਿਆਨ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਰਾਹਤ ਦੇਣ ਵਾਲੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਇਹ ਤਸਵੀਰ ਤੀਜੀ ਜਮਾਤ ਦੇ ਵਿਦਿਆਰਥੀ ਵਲੋਂ ਫੌਜ ਨੂੰ ਲਿਖੀ ਚਿੱਠੀ ਦੀ ਹੈ।

ਕੇਰਲ ਦੇ ਇਕ ਸਕੂਲ ਵਿਚ ਤੀਜੀ ਜਮਾਤ 'ਚ ਪੜ੍ਹਦੇ ਰਿਆਨ ਨੇ ਮਲਿਆਲਮ ਭਾਸ਼ਾ 'ਚ ਫੌਜੀਆਂ ਨੂੰ ਇਹ ਚਿੱਠੀ ਲਿਖੀ ਸੀ। ਫੌਜ ਨੇ ਵੀ ਰਿਆਨ ਦੀ ਇਸ ਚਿੱਠੀ ਦਾ ਜਵਾਬ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਚਿੱਠੀ ਅਤੇ ਫੌਜ ਦੇ ਜਵਾਬ 'ਤੇ ਯੂਜ਼ਰਸ ਵੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜ਼ਰਸ ਨੇ ਲਿਖਿਆ ਕਿ ਮੁਸ਼ਕਲ ਸਮੇਂ 'ਚ ਇਸ ਤਸਵੀਰ ਨੂੰ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। 

ਰਿਆਨ ਨੇ ਚਿੱਠੀ 'ਚ ਕੀ ਲਿਖਿਆ?

ਰਿਆਨ ਨੇ ਚਿੱਠੀ 'ਚ ਲਿਖਿਆ ਕਿ ਡਿਅਰ ਇੰਡੀਅਨ ਆਰਮੀ, ਮੇਰੇ ਪਿਆਰੇ ਵਾਇਨਾਡ 'ਚ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ। ਤੁਹਾਨੂੰ ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਦੇਖ ਕੇ ਮੈਨੂੰ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋਈ। ਉਹ ਵੀਡੀਓ ਦੇਖਿਆ ਜਿਸ ਵਿਚ ਤੁਸੀਂ ਆਪਣੀ ਭੁੱਖ ਮਿਟਾਉਣ ਲਈ ਬਿਸਕੁਟ ਖਾ ਰਹੇ ਹੋ ਅਤੇ ਪੁਲ ਬਣਾ ਰਹੇ ਹੋ। ਇਸ ਦ੍ਰਿਸ਼ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਪ੍ਰੇਰਿਤ ਕੀਤਾ। ਇਕ ਦਿਨ ਮੈਂ ਵੀ ਭਾਰਤੀ ਫੌਜ ਵਿਚ ਭਰਤੀ ਹੋਵਾਂਗਾ ਅਤੇ ਆਪਣੇ ਦੇਸ਼ ਦੀ ਰੱਖਿਆ ਕਰਾਂਗਾ।

ਫੌਜ ਨੇ ਦਿੱਤਾ ਇਹ ਜਵਾਬ

ਭਾਰਤੀ ਫੌਜ ਨੇ ਰਿਆਨ ਦੀ ਚਿੱਠੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸ਼ੇਅਰ ਕੀਤਾ ਹੈ। ਚਿੱਠੀ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਪਿਆਰੇ ਰਿਆਨ, ਤੁਹਾਡੇ ਦਿਲ ਤੋਂ ਨਿਕਲੇ ਸ਼ਬਦਾਂ ਨੇ ਸਾਨੂੰ ਡੂੰਘਾਈ ਨਾਲ ਛੂਹਿਆ ਹੈ। ਸਾਡਾ ਟੀਚਾ ਮੁਸੀਬਤ ਦੇ ਸਮੇਂ ਵਿਚ ਉਮੀਦ ਦੀ ਕਿਰਨ ਬਣਨਾ ਹੈ ਅਤੇ ਤੁਹਾਡੀ ਚਿੱਠੀ ਸਾਡੇ ਮਿਸ਼ਨ ਦੀ ਪੁਸ਼ਟੀ ਕਰ ਰਹੀ ਹੈ। ਤੁਹਾਡੇ ਵਰਗੇ ਹੀਰੋ ਸਾਨੂੰ ਆਪਣਾ ਸਰਵੋਤਮ ਦੇਣ ਲਈ ਪ੍ਰੇਰਿਤ ਕਰਦੇ ਹਨ। ਅਸੀਂ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਤੁਸੀਂ ਫੌਜੀ ਵਰਦੀ ਪਹਿਨ ਕੇ ਸਾਡੇ ਨਾਲ ਖੜ੍ਹੇ ਹੋਵੋਗੇ। ਅਸੀਂ ਇਕੱਠੇ ਖੜ੍ਹੇ ਹੋਵਾਂਗੇ ਅਤੇ ਆਪਣੇ ਦੇਸ਼ ਨੂੰ ਮਾਣ ਦਿਵਾਉਣ ਲਈ ਕੰਮ ਕਰਾਂਗੇ। ਨੌਜਵਾਨ ਯੋਧਾ, ਤੁਹਾਡੀ ਹਿੰਮਤ ਅਤੇ ਪ੍ਰੇਰਨਾ ਲਈ ਧੰਨਵਾਦ।


Tanu

Content Editor

Related News