ਵਕਫ ਸੋਧ ਬਿੱਲ ਦਾ ਵਿਰੋਧ, ਕਾਲੀਆਂ ਪੱਟੀਆਂ ਬੰਨ੍ਹ ਕੇ ਲੋਕਾਂ ਨੇ ਅਦਾ ਕੀਤੀ ਨਮਾਜ਼
Monday, Mar 31, 2025 - 04:45 PM (IST)

ਬੈਂਗਲੁਰੂ- ਕਰਨਾਟਕ ਦੇ ਕੁਝ ਹਿੱਸਿਆਂ 'ਚ ਸੋਮਵਾਰ ਨੂੰ ਈਦ ਦੇ ਜਸ਼ਨ ਦੌਰਾਨ ਵਕਫ ਸੋਧ ਬਿੱਲ ਦਾ ਮੁੱਦਾ ਛਾਇਆ ਰਿਹਾ, ਜਿੱਥੇ ਮੰਤਰੀ ਰਹੀਮ ਖਾਨ ਸਮੇਤ ਵੱਖ-ਵੱਖ ਲੋਕਾਂ ਨੇ ਕੇਂਦਰ ਦੇ ਕਦਮ ਖਿਲਾਫ਼ ਆਪਣਾ ਵਿਰੋਧ ਜਤਾਇਆ। ਲੋਕਾਂ ਨੇ ਵਿਰੋਧ ਜਤਾਉਣ ਲਈ ਕਾਲੀ ਪੱਟੀ ਬੰਨ੍ਹ ਕੇ ਵਿਸ਼ੇਸ਼ ਨਮਾਜ਼ ਅਦਾ ਕੀਤੀ। ਜਾਣਕਾਰੀ ਮੁਤਾਬਕ ਬੀਦਰ, ਮੰਡਿਆ ਅਤੇ ਬੇਲਗਾਵੀ ਵਿਚ ਲੋਕਾਂ ਨੇ ਨਮਾਜ਼ ਅਦਾ ਕੀਤੀ। ਬੀਦਰ 'ਚ ਖੇਡ ਅਤੇ ਯੁਵਾ ਸ਼ਕਤੀਕਰਨ ਵਿਭਾਗ ਦੇ ਮੰਤਰੀ ਖਾਨ ਆਪਣੇ ਸਮਰਥਕਾਂ ਨਾਲ ਕਾਲੀ ਪੱਟੀ ਬੰਨ੍ਹ ਕੇ ਮਸਜਿਦ ਪਹੁੰਚੇ ਅਤੇ ਈਦਗਾਹ ਮੈਦਾਨ 'ਚ ਨਮਾਜ਼ ਅਦਾ ਕੀਤੀ। ਉਨ੍ਹਾਂ ਦੇ ਸਮਰਥਕਾਂ ਨੇ ਵੀ ਨਮਾਜ਼ ਅਦਾ ਕੀਤੀ ਅਤੇ ਵਕਫ਼ ਐਕਟ ਵਿਚ ਸੋਧ ਵਿਰੁੱਧ ਸ਼ਾਂਤੀਪੂਰਵਕ ਆਪਣਾ ਵਿਰੋਧ ਦਰਜ ਕਰਵਾਇਆ। ਮੰਡਿਆ ਸ਼ਹਿਰੀ ਵਿਕਾਸ ਅਥਾਰਟੀ ਦੇ ਚੇਅਰਮੈਨ ਨਹਿਮ ਨੇ ਮੰਡਿਆ ਵਿਚ ਕਾਲੀ ਪੱਟੀ ਬੰਨ੍ਹ ਕੇ ਨਮਾਜ਼ ਅਦਾ ਕੀਤੀ।
ਬੇਲਾਗਾਵੀ ਵਿਚ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ ਦੇ ਵਰਕਰਾਂ ਨੇ ਬਿੱਲ ਦੇ ਵਿਰੋਧ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ 'ਚ ਹਿੱਸਾ ਲਿਆ। ਸੋਧ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰਨ ਤੋਂ ਇਲਾਵਾ ਕਿੱਟੂਰ ਵਿਚ ਪ੍ਰਦਰਸ਼ਨ ਕਰ ਰਹੇ ਮੁਸਲਮਾਨਾਂ ਨੇ ਆਪਣੇ ਰਾਸ਼ਟਰੀ ਪ੍ਰਧਾਨ ਐੱਮ. ਕੇ. ਫੈਜ਼ੀ ਦੀ ਜਲਦੀ ਰਿਹਾਈ ਦੀ ਅਪੀਲ ਕੀਤੀ, ਜਿਸ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਪਾਬੰਦੀਸ਼ੁਦਾ ਜਥੇਬੰਦੀ PFI ਨਾਲ ਜੁੜੇ ਇਕ ਮਨੀ ਲਾਂਡਰਿੰਗ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਈਡੀ ਨੇ ਦਾਅਵਾ ਕੀਤਾ ਕਿ ਦੋਵਾਂ ਸੰਗਠਨਾਂ ਵਿਚਾਲੇ ਸਬੰਧਾਂ ਦੇ ਸਬੂਤ ਮਿਲੇ ਹਨ ਅਤੇ PFI ਸਿਆਸੀ ਪਾਰਟੀ ਰਾਹੀਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। 2009 ਵਿਚ ਬਣੀ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (SDPI) ਉੱਤੇ ਪਾਪੂਲਰ ਫਰੰਟ ਆਫ ਇੰਡੀਆ (PFI) ਦਾ ਸਿਆਸੀ ਫਰੰਟ ਹੋਣ ਦਾ ਦੋਸ਼ ਹੈ, ਜਿਸ ਉੱਤੇ ਕੇਂਦਰ ਸਰਕਾਰ ਨੇ ਸਤੰਬਰ 2022 ਵਿਚ ਪਾਬੰਦੀ ਲਗਾ ਦਿੱਤੀ ਸੀ।