ਬਾਂਕੇ ਬਿਹਾਰੀ ਮੰਦਰ ’ਚ ਵੀ. ਆਈ. ਪੀ. ਦਰਸ਼ਨ ਦੇ ਨਾਂ ’ਤੇ ਵਸੂਲੀ, 2 ਬਾਊਂਸਰ ਗ੍ਰਿਫ਼ਤਾਰ
Sunday, Jun 08, 2025 - 12:55 AM (IST)

ਮਥੁਰਾ- ਵ੍ਰਿੰਦਾਵਨ ਵਿਖੇ ਸਥਿਤ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ’ਚ ਵੀ. ਆਈ. ਪੀ. ਦਰਸ਼ਨ ਦੇ ਨਾਂ ’ਤੇ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਦੇ ਮਾਮਲੇ ’ਚ ਪੁਲਸ ਨੇ 2 ਬਾਊਂਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਸ਼ਰਧਾਲੂਆਂ ਨੂੰ ‘ਭੀੜ ਤੋਂ ਬਚਾਅ ਕੇ ਵਿਸ਼ੇਸ਼ ਦਰਸ਼ਨ’ ਕਰਵਾਉਣ ਦਾ ਲਾਲਚ ਦੇ ਕੇ ਮੋਟੀ ਰਕਮ ਵਸੂਲਦੇ ਸਨ। ਮੰਦਰ ਮੈਨੇਜਮੈਂਟ ਦੀ ਸ਼ਿਕਾਇਤ ’ਤੇ ਪੁਲਸ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ‘ਮਾਧਵ ਬਾਊਂਸਰ ਗਰੁੱਪ ਮਥੁਰਾ’ ਨਾਂ ਦੀ ਇਕ ਸੰਸਥਾ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਪ੍ਰਚਾਰ ਕਰ ਰਹੀ ਸੀ ਕਿ ਉਹ ਆਪਣੇ ਬਾਊਂਸਰਾਂ ਦੀ ਮਦਦ ਨਾਲ ਸ਼ਰਧਾਲੂਆਂ ਨੂੰ ਵੀ.ਆਈ. ਪੀ. ਦਰਸ਼ਨ ਕਰਵਾਉਂਦੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੋਸੀ ਕਲਾਂ ਨਿਵਾਸੀ ਰੋਹਿਤ ਪੁੱਤਰ ਦਲਚੰਦ ਅਤੇ ਸੌਂਖ ਰੋਡ ਨਿਵਾਸੀ ਲੱਕੀ ਉਰਫ ਛੋਟੂ ਪੁੱਤਰ ਜਗਦੀਸ਼ ਵਜੋਂ ਹੋਈ ਹੈ।
ਪੁਲਸ ਦੇ ਅਨੁਸਾਰ, ਇਹ ਬਾਊਂਸਰ ਗਰੁੱਪ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਸ਼ਰਧਾਲੂਆਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਭੀੜ ’ਚੋਂ ਬਾਹਰ ਕੱਢਦਾ ਅਤੇ ਉਨ੍ਹਾਂ ਨੂੰ ਮੰਦਰ ਦੇ ਅੰਦਰ ਸਿੱਧੇ ਦਰਸ਼ਨ ਕਰਵਾਉਂਦਾ ਸੀ। ਮੰਦਰ ਦੇ ਕੰਪਲੈਕਸ ਵਿਚ ਕੁਝ ਪੁਜਾਰੀਆਂ ਅਤੇ ਉਨ੍ਹਾਂ ਦੇ ਚੇਲਿਆਂ ਵੱਲੋਂ ਦਕਸ਼ਿਣਾ ਦੇ ਬਦਲੇ ਅਜਿਹੀਆਂ ਸਹੂਲਤਾਂ ਦੇਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਨਾਜਾਇਜ਼ ਸਰਗਰਮੀ ’ਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਪਛਾਣ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।