ਕੋਰੋਨਾ ਕਾਰਨ ਭਾਰਤ 'ਚ ਫਸੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਮਿਆਦ 31 ਅਗਸਤ ਤੱਕ ਵਧਾਈ ਗਈ
Friday, Jun 04, 2021 - 05:06 PM (IST)
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਤੋਂ ਦੇਸ਼ 'ਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਨੂੰ ਸਰਕਾਰ ਨੇ ਹੁਣ ਆਉਣ ਵਾਲੀ 31 ਅਗਸਤ ਤੱਕ ਵਧਾ ਦਿੱਤਾ ਹੈ। ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਆਮ ਵਪਾਰਕ ਉਡਾਣਾਂ ਦਾ ਸੰਚਾਲਨ ਸ਼ੁਰੂ ਨਹੀਂ ਹੋਣ ਕਾਰਨ ਪਿਛਲੇ ਸਾਲ ਤੋਂ ਕੋਰੋਨਾ ਕਾਰਨ ਫਸੇ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਆਉਣ ਵਾਲੀ 31 ਅਗਸਤ ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਲਈ ਇਨ੍ਹਾਂ ਤੋਂ ਕੋਈ ਫੀਸ ਜਾਂ ਜੁਰਮਾਨਾ ਨਹੀਂ ਲਿਆ ਜਾਵੇਗਾ।
ਬਿਆਨ 'ਚ ਕਿਹਾ ਗਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਵੀਜ਼ੇ ਦੇ ਵਿਸਥਾਰ ਲਈ ਸੰਬੰਧਤ ਐੱਫ.ਆਈ.ਆਰ.ਓ. 'ਚ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਵਿਦੇਸ਼ੀ ਨਾਗਰਿਕ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਸੰਬੰਧਤ ਐੱਫ.ਆਈ.ਆਰ.ਓ. 'ਚ ਦੇਸ਼ ਤੋਂ ਬਾਹਰ ਜਾਣ ਦੀ ਮਨਜ਼ੂਰੀ ਪਾਉਣ ਲਈ ਅਪਲਾਈ ਕਰ ਸਕਦੇ ਹਨ, ਜੋ ਬਿਨਾਂ ਕਿਸੇ ਓਵਰਸਟੇ ਪੇਨਾਲਟੀ ਦੇ ਹੀ ਮੁਫ਼ਤ ਆਧਾਰ 'ਤੇ ਪ੍ਰਦਾਨ ਕੀਤੀ ਜਾਵੇਗੀ।