ਸ਼੍ਰੀਨਗਰ ''ਚ ਲਾਕਡਾਊਨ ਦੇ ਨਿਯਮਾਂ ਦਾ ਉਲੰਘਣ, 50 ਦੁਕਾਨਾਂ ਸੀਲ

05/23/2020 4:12:27 PM

ਸ਼੍ਰੀਨਗਰ (ਵਾਰਤਾ)— ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਦੌਰਾਨ ਸ਼੍ਰੀਨਗਰ 'ਚ ਇਸ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ਸ਼ਾਪਿੰਗ ਮਾਲ, ਦੁਕਾਨਾਂ ਸਮੇਤ 50 ਤੋਂ ਵਧੇਰੇ ਅਦਾਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦਕਿ ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਦੇ ਮਾਮਲੇ 'ਚ 80 ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਸ਼੍ਰੀਨਗਰ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜ਼ਿਲਾ ਅਧਿਕਾਰੀ ਡਾ. ਸ਼ਾਹਿਦ ਇਕਬਾਲ ਚੌਧਰੀ ਨੇ  ਹੈਦਰਪੋਰਾ, ਛਾਨਪੋਰਾ, ਬਾਗ-ਏ-ਮਹਿਤਾਬ, ਜਵਾਹਰ ਨਗਰ ਅਤੇ ਬਟਮਾਲੂ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸਬੰਧਤ ਇਲਾਕਿਆਂ ਦੇ ਥਾਣਾ ਮੁਖੀ ਵੀ ਮੌਜੂਦ ਰਹੇ। 

PunjabKesari

ਨਿਰੀਖਣ ਦੌਰਾਨ ਦੇਖਿਆ ਗਿਆ ਕਿ ਕੱਪੜਿਆਂ, ਫਰਨੀਚਰ, ਹਾਡਵੇਅਰ ਅਤੇ ਹੋਰ ਗੈਰ-ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਗੈਰ-ਕਾਨੂੰਨੀ ਰੂਪ ਨਾਲ ਖੁੱਲ੍ਹੀਆਂ ਹੋਈਆਂ ਸਨ। ਇਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਕਈ ਥਾਵਾਂ 'ਤੇ ਸਾਫ-ਸਫਾਈ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਵੀ ਨਹੀਂ ਕੀਤਾ ਜਾ ਰਿਹਾ ਸੀ। ਕਈ ਦੁਕਾਨਾਂ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸੈਂਕੜੇ ਲੋਕ ਮੌਜੂਦ ਸਨ। ਮੌਕੇ 'ਤੇ ਮੌਜੂਦ ਸਬੰਧਤ ਅਧਿਕਾਰੀਆਂ ਨੇ 50 ਤੋਂ ਵਧੇਰੇ ਦੁਕਾਨਾਂ ਨੂੰ ਸੀਲ ਕਰ ਦਿੱਤਾ। ਜ਼ਿਲਾ ਅਧਿਕਾਰੀ ਨੇ ਗੈਰ-ਕਾਨੂੰਨੀ ਰੂਪ ਨਾਲ ਖੁੱਲ੍ਹੀਆਂ ਦੁਕਾਨਾਂ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ, ਜਦਕਿ ਨਿਯਮਾਂ ਦਾ ਉਲੰਘਣ ਕਰਦੇ ਹੋਏ ਸੜਕਾਂ 'ਤੇ ਮੌਜੂਦ ਵਾਹਨਾਂ ਦੇ ਮਾਲਕਾਂ 'ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨ ਲਾਇਆ ਗਿਆ ਹੈ। ਜ਼ਿਲਾ ਅਧਿਕਾਰੀ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਲਾਕਡਾਊਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਹੋਣ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਲੋਕਾਂ ਨੂੰ ਲਾਕਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।


Tanu

Content Editor

Related News