ਸਾਹਨੀ ਨੇ ICC ਤੇ BCCI ਨੂੰ ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਮੋਹਾਲੀ ਨੂੰ ਵੀ ਸ਼ਾਮਲ ਕਰਨ ਦੀ ਕੀਤੀ ਅਪੀਲ

Wednesday, Jun 28, 2023 - 05:43 PM (IST)

ਨਵੀਂ ਦਿੱਲੀ- ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਾਹਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਅਤੇ ਬੀ.ਸੀ.ਸੀ.ਆਈ. ਨੂੰ ਅਪੀਲ ਕੀਤੀ ਹੈ ਕਿ ਉਹ ਅਕਤੂਬਰ-ਨਵੰਬਰ ਦੌਰਾਨ ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ 2023 ਦਾ ਘੱਟੋ-ਘੱਟ ਇੱਕ ਮੈਚ ਮੋਹਾਲੀ ਵਿਚ ਕਰਵਾਉਣ 'ਤੇ ਵਿਚਾਰ ਕਰਨ।

ਉਨ੍ਹਾਂ ਨੇ ਕਿਹਾ ਕਿ ਉਹ ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੂੰ ਮਿਲਣਗੇ ਜੋ ਕਿ ਆਈ.ਸੀ.ਸੀ. ਬੋਰਡ ਵਿਚ ਭਾਰਤ ਦੀ ਨੁਮਾਇੰਦਗੀ ਵੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੋਹਾਲੀ ਵਿਚ ਵੀ ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਸ਼ਾਮਲ ਕਰਨ ਦੀ ਬੇਨਤੀ ਕਰਨਗੇ।

ਸਾਹਨੀ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਕਿ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੰਗਲੁਰੂ, ਮੁੰਬਈ ਅਤੇ ਕੋਲਕਾਤਾ ਵਰਗੇ 10 ਸਥਾਨਾਂ ਦੀ ਚੋਣ ਕੀਤੀ ਗਈ ਹੈ ਪਰ ਮੋਹਾਲੀ ਦੀ ਚੋਣ ਨਹੀਂ ਕੀਤੀ ਗਈ ਜਦਕਿ ਆਈ. ਸੀ. ਸੀ. ਦੇ ਰੇਟਿੰਗ ਚਾਰਟ ਵਿਚ ਇਸਦੀ ਪਿੱਚ ਅਤੇ ਆਊਟਫੀਲਡ ਰੇਟਿੰਗ ਨੂੰ ਬਹੁਤ ਵਧੀਆ ਦੱਸਿਆ ਗਿਆ ਹੈ। 

ਉਨਾਂ ਦੱਸਿਆ ਕਿ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਵਿਸ਼ਵ ਕੱਪ ਮੈਚਾਂ ਲਈ ਨਿਰਧਾਰਤ ਕੁਝ ਸਟੇਡੀਅਮਾਂ ਨਾਲੋਂ ਵਧੀਆ ਬੁਨਿਆਦੀ ਢਾਂਚਾ ਅਤੇ ਬਿਹਤਰ ਸਹੂਲਤਾਂ ਉਪਲਬਧ ਹਨ। ਮੋਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕਈ ਪੰਜ ਤਾਰਾ ਹੋਟਲ ਅਤੇ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਵੀ ਹੈ।

ਉਨ੍ਹਾਂ ਨੇ ਬੀ.ਸੀ.ਸੀ.ਆਈ. ਨੂੰ ਅਗਾਮੀ ਭਾਰਤ-ਆਸਟ੍ਰੇਲੀਆ ਕ੍ਰਿਕਟ ਸੀਰੀਜ਼ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ਨੂੰ ਸ਼ਾਮਲ ਕਰਨ ਦੀ ਅਪੀਲ ਵੀ ਕੀਤੀ।

ਸਾਹਨੀ ਨੇ ਇਹ ਵੀ ਕਿਹਾ ਕਿ ਜਦੋਂ ਭਾਰਤ ਵਿੱਚ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਗੱਲ ਆਉਂਦੀ ਹੈ ਤਾਂ ਮੋਹਾਲੀ ਕ੍ਰਿਕਟ ਸਟੇਡੀਅਮ ਇੱਕ ਵਿਰਾਸਤ ਦਾ ਦਰਜਾ ਰੱਖਦਾ ਹੈ। ਇਥੇ 2011 ਵਿੱਚ ਭਾਰਤ ਬਨਾਮ ਪਾਕਿਸਤਾਨ ਇਤਿਹਾਸਕ ਸੈਮੀਫਾਈਨਲ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਸੀ ਅਤੇ ਵੈਸਟਇੰਡੀਜ਼ ਅਤੇ ਆਸਟਰੇਲੀਆ ਵਿਚਕਾਰ 1996 ਦਾ ਸੈਮੀਫਾਈਨਲ ਵੀ ਇਸ ਮਹੱਤਵਪੂਰਣ ਸਟੇਡੀਅਮ ਵਿੱਚ ਖੇਡਿਆ ਗਿਆ ਸੀ।


Rakesh

Content Editor

Related News