ਵਿਕਰਮ ਮਿਸਰੀ ਹੋਣਗੇ ਭਾਰਤ ਦੇ ਅਗਲੇ ਵਿਦੇਸ਼ ਸਕੱਤਰ

Friday, Jun 28, 2024 - 04:34 PM (IST)

ਨਵੀਂ ਦਿੱਲੀ- ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਕਰਮ ਮਿਸਰੀ ਨੂੰ ਸ਼ੁੱਕਰਵਾਰ ਨੂੰ ਭਾਰਤ ਦਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। 59 ਸਾਲਾ ਮਿਸਰੀ 1989 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਹਨ, ਜਿਨ੍ਹਾਂ ਨੂੰ ਤਿੰਨ ਪ੍ਰਧਾਨ ਮੰਤਰੀਆਂ ਦੇ ਨਿੱਜੀ ਸਕੱਤਰ ਵਜੋਂ ਸੇਵਾ ਕਰਨ ਦਾ ਮਾਣ ਪ੍ਰਾਪਤ ਹੈ। ਮਿਸਰੀ ਨੇ ਤਿੰਨ ਪ੍ਰਧਾਨ ਮੰਤਰੀਆਂ ਦੇ ਨਿੱਜੀ ਸਕੱਤਰ ਵਜੋਂ ਕੰਮ ਕੀਤਾ ਹੈ, ਉਹ ਹਨ- 1997 'ਚ ਇੰਦਰ ਕੁਮਾਰ ਗੁਜਰਾਲ, 2012 'ਚ ਮਨਮੋਹਨ ਸਿੰਘ ਅਤੇ 2014 'ਚ ਨਰਿੰਦਰ ਮੋਦੀ।

ਮਿਸਰੀ ਦਾ ਜਨਮ 1964 'ਚ ਸ਼੍ਰੀਨਗਰ 'ਚ ਹੋਇਆ ਅਤੇ ਉਸ ਨੇ ਆਪਣੀ ਸ਼ੁਰੂਆਤੀ ਸਿੱਖਿਆ ਗਵਾਲੀਅਰ 'ਚ ਪੂਰੀ ਕੀਤੀ ਸੀ। ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਇਤਿਹਾਸ ਵਿਚ ਅੰਡਰ-ਗ੍ਰੈਜੁਏਟ ਡਿਗਰੀ ਅਤੇ XLRI ਤੋਂ MBA ਕੀਤੀ ਹੈ। ਮਿਸਰੀ ਨੇ ਭਾਰਤੀ ਵਿਦੇਸ਼ ਸੇਵਾ ਦੇ 1989 ਬੈਚ ਤੋਂ ਇਕ ਡਿਪਲੋਮੈਟ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਉਨ੍ਹਾਂ ਨੇ ਬ੍ਰਸੇਲਜ਼ ਅਤੇ ਟਿਊਨਿਸ 'ਚ ਭਾਰਤੀ ਮਿਸ਼ਨਾਂ ਵਿਚ ਸੇਵਾ ਕੀਤੀ। ਉਨ੍ਹਾਂ ਨੂੰ 2014 'ਚ ਸਪੇਨ ਅਤੇ 2016 'ਚ ਮਿਆਂਮਾਰ 'ਚ ਭਾਰਤ ਦਾ ਰਾਜਦੂਤ ਬਣਾਇਆ ਗਿਆ ਸੀ। ਮਿਸਰੀ ਨੇ ਅਫਰੀਕਾ ਅਤੇ ਉੱਤਰੀ ਅਮਰੀਕਾ 'ਚ ਵੱਖ-ਵੱਖ ਭਾਰਤੀ ਮਿਸ਼ਨਾਂ 'ਚ ਵੀ ਸੇਵਾ ਕੀਤੀ ਹੈ।

ਆਪਣੇ ਪਿਛਲੇ ਕਾਰਜਕਾਲ ਦੌਰਾਨ ਉਹ ਚੀਨ ਵਿਚ ਭਾਰਤੀ ਰਾਜਦੂਤ ਰਹੇ, ਜਿੱਥੇ ਉਨ੍ਹਾਂ ਨੇ 2020 ਵਿਚ ਗਲਵਾਨ ਘਾਟੀ ਝੜਪਾਂ ਤੋਂ ਬਾਅਦ ਭਾਰਤ-ਚੀਨ ਗੱਲਬਾਤ ਵਿਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 2020 ਵਿਚ ਕੋਵਿਡ-19 ਮਹਾਮਾਰੀ ਦੇ ਆਉਣ 'ਤੇ ਵੈਕਸੀਨ ਦੇ ਵਿਕਾਸ ਵਿਚ ਤੇਜ਼ੀ ਲਿਆਉਣ ਲਈ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਵਕਾਲਤ ਕੀਤੀ ਸੀ।


Tanu

Content Editor

Related News