ਗਿਨੀਜ਼ ਬੁਕ ''ਚ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਮਾਸਟਰ ਵਿਜੇ ਦੀ ਸਰਕਾਰਾਂ ਨੂੰ ਅਪੀਲ
Monday, Nov 04, 2019 - 12:33 PM (IST)
ਲਖਨਊ (ਵਾਰਤਾ)— ਦਿੱਲੀ 'ਚ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪੁੱਜ ਗਿਆ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ, ਜਿਸ ਦਾ ਧੂੰਆਂ ਹਵਾ 'ਚ ਜ਼ਹਿਰ ਘੋਲ ਰਿਹਾ ਹੈ। ਇਕ-ਦੂਜੇ ਨੂੰ ਦੋਸ਼ ਨਾ ਦੇ ਕੇ ਸਾਨੂੰ ਖੁਦ ਹੀ ਇਸ ਲਈ ਕੋਈ ਨਾ ਕੋਈ ਹੱਲ ਕੱਢਣਾ ਹੋਵੇਗਾ। ਜ਼ਰੂਰੀ ਇਹ ਹੈ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਸੂਬਾ ਸਰਕਾਰਾਂ ਜੇਕਰ ਜਾਨਵਰਾਂ ਲਈ ਚਾਰੇ ਲਈ ਪਰਾਲੀ ਖਰੀਦਣ ਤਾਂ ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਪ੍ਰਦੂਸ਼ਣ ਨੂੰ ਵੀ ਕਾਫੀ ਹੱਦ ਤਕ ਘੱਟ ਕੀਤਾ ਜਾ ਸਕੇਗਾ।
ਉੱਤਰ ਪ੍ਰਦੇਸ਼ 'ਚ ਸਰਕਾਰੀ ਜ਼ਮੀਨ 'ਤੇ ਕਬਜ਼ੇ ਵਿਰੁੱਧ ਪਿਛਲੇ 24 ਸਾਲਾਂ ਤੋਂ ਧਰਨੇ 'ਤੇ ਬੈਠੇ ਗਿਨੀਜ਼ ਬੁਕ 'ਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਮਾਸਟਰ ਵਿਜੇ ਸਿੰਘ ਨੇ ਸਰਕਾਰਾਂ ਨੂੰ ਅਪੀਲ ਕੀਤੀ। ਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜ ਕੇ ਤਿੰਨੋਂ ਸੂਬਿਆਂ ਵਿਚ ਪਰਾਲੀ ਖਰੀਦ ਕੇਂਦਰ ਖੋਲ੍ਹ ਕੇ ਗਊਸ਼ਾਲਾ ਲਈ ਚਾਰੇ ਦੇ ਰੂਪ ਵਿਚ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਸੂਬਿਆਂ ਦੇ ਕਿਸਾਨ ਪਰਾਲੀ ਦਾ ਕੁਝ ਹਿੱਸਾ ਚਾਰੇ ਦੇ ਰੂਪ ਵਿਚ ਇਸਤੇਮਾਲ ਕਰਦੇ ਹਨ ਅਤੇ ਬਾਕੀ ਨੂੰ ਅੱਗ ਲਾ ਕੇ ਨਸ਼ਟ ਕਰ ਦਿੰਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ।
ਮਾਸਟਰ ਵਿਜੇ ਸਿੰਘ ਨੇ ਕਿਹਾ ਕਿ ਪਰਾਲੀ ਨਾਲ ਹੋ ਰਹੇ ਪ੍ਰਦੂਸ਼ਣ ਦਾ ਕੋਈ ਸਥਾਈ ਹੱਲ ਨਹੀਂ ਲੱਭਿਆ ਜਾ ਸਕਿਆ ਹੈ। ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਗਾਂਵਾਂ ਚਾਰੇ ਦੀ ਘਾਟ ਕਾਰਨ ਭੁੱਖਮਰੀ ਨਾਲ ਜੂਝ ਰਹੀਆਂ ਹਨ। ਜਾਨਵਰ ਪਰਾਲੀ ਬਹੁਤ ਚਾਅ ਨਾਲ ਖਾਂਦੇ ਹਨ। ਉੱਤਰ ਪ੍ਰਦੇਸ਼ ਵਿਚ ਸਰਕਾਰੀ ਪੱਧਰ 'ਤੇ ਜੋ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ, ਉਨ੍ਹਾਂ ਸਾਰਿਆਂ ਲਈ ਪਰਾਲੀ ਖਰੀਦੀ ਜਾਣੀ ਚਾਹੀਦੀ ਹੈ। ਇਸ ਨਾਲ ਦੋਹਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗਾਂਵਾਂ ਲਈ ਉੱਚਿਤ ਮਾਤਰਾ 'ਚ ਚਾਰਾ ਮਿਲ ਜਾਵੇਗਾ ਅਤੇ ਕਿਸਾਨਾਂ ਦੀ ਆਮਦਨ ਵੀ ਵਧ ਜਾਵੇਗੀ।