ਮੁੰਬਈ : ‘ਕੋਵਿਡ ਸੈਂਟਰ’ ’ਚ ਸ਼ਰਾਬ ਅਤੇ ਗਾਂਜੇ ਦੀ ਪਾਰਟੀ
Wednesday, Mar 31, 2021 - 12:01 PM (IST)
ਮੁੰਬਈ – ਮਹਾਰਾਸ਼ਟਰ ’ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਦੇ ਚਲਦੇ ਸਰਕਾਰ ਵੀ ਸਖ਼ਤ ਨਜ਼ਰ ਆ ਰਹੀ ਹੈ। ਇਸ ਵਿਚਕਾਰ ਮੁੰਬਈ ਦੇ ਇਕ ਕੋਵਿਡ ਸੈਂਟਰ ਦੀ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਸਟਾਫ ਦੇ ਮੁਲਾਜ਼ਮ ਸ਼ਰਾਬ ਅਤੇ ਗਾਂਜਾ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਹ ਮਾਮਲਾ ਮੁੰਬਈ ਦੇ ਇਕ ਬਾਹਰੀ ਇਲਾਕੇ ਕਲਿਆਣ-ਡੋਂਬੀਵਲੀ ਦੇ ਕੋਵਿਡ ਸੈਂਟਰ ਦਾ ਹੈ। ਵੀਡੀਓ ਵਾਇਰਲ ਹੋਣ ਪਿੱਛੋਂ ਅਧਿਕਾਰੀ ਹਰਕਤ ’ਚ ਆਏ ਅਤੇ ਕਾਰਵਾਈ ਸ਼ੁਰੂ ਕੀਤੀ। ਸਾਵਲਾਰਾਮ ਸਪੋਰਟਸ ਕੰਪਲੈਕਸ ’ਚ ਬਣੇ ਕੋਵਿਡ ਸੈਂਟਰ ’ਚ ਸ਼ਰਾਬ ਦੀ ਹੋਈ ਪਾਰਟੀ ਦਾ ਨੋਟਿਸ ਲੈ ਕੇ ਕਲਿਆਣ-ਡੋਂਬੀਵਲੀ ਮਿਊਂਸੀਪਲ ਕਾਰਪੋਰੇਸ਼ਨ ਨੇ ਠੇਕੇਦਾਰ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।
ਕਲਿਆਣ-ਡੋਂਬੀਵਲੀ ਨਗਰ ਨਿਗਮ (ਕੇ.ਡੀ.ਐੱਮ.ਸੀ.) ਦੇ ਸਿਹਤ ਵਿਭਾਗ ਨੇ ਇਸ ਘਟਨਾ ’ਚ ਸ਼ਾਮਲ ਸਟਾਫ ਨੂੰ ਮੁਅਤਲ ਕਰਨ ਅਤੇ ਇਸ ਤਰ੍ਹਾਂ ਦੀ ਘਟਨਾ ਨੂੰ ਦੋਹਰਾਉਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਜਾਣਕਾਰੀ ਮੁਤਾਬਕ, ਇਕ ਰਾਹਗੀਰ ਨੇ ਇਸ ਸ਼ਰਾਬ ਪਾਰਟੀ ਦੀ ਵੀਡੀਓ ਰਿਕਾਰਡ ਕੀਤੀ ਸੀ। ਵੀਡੀਓ ਵਾਇਰਸ ਹੋਣ ਤੋਂ ਬਾਅਦ ਕੋਵਿਡ ਸੈਂਟਰ ਨੂੰ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਲੀਨਿਕ ਦੇ ਨਿਰਦੇਸ਼ਕ ਡਾਕਟਰ ਰਾਹੁਲ ਗੁਲਾਮ ਦਾ ਕਹਿਣਾ ਹੈ ਕਿ ਇਸ ਵੀਡੀਓ ’ਚ ਦਿਸ ਰਿਹੇ ਕਾਮੇਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਬਾਕੀ ਲੋਕ ਹਸਪਤਾਲ ਦੇ ਕਾਮੇਂ ਨਹੀਂ ਸਨ। ਉਹ ਬਾਹਰੋਂ ਆਏ ਸਨ।
ਡਾਕਟਰ ਰਾਹੁਲ ਗੁਲਾਮ ਨੇ ਅੱਗੇ ਦੱਸਿਆ ਕਿ ਇਸ ਕੋਵਿਡ ਸੈਂਟਰ ’ਚ ਕਈ ਕਾਮੇਂ ਕੰਮ ਕਰਦੇ ਹਨ। ਸੈਂਟਰ ਦੇ ਨੇੜੇ ਕੁਝ ਤਕਨੀਸ਼ੀਅਨਾਂ ਲਈ ਇਕ ਤੰਬੂ ਲਗਾਇਆ ਗਿਆ ਹੈ। ਇਹ ਘਟਨਾ ਉਥੇ ਹੋਈ ਅਤੇ ਉਸ ਸਮੇਂ ਕਾਮੇਂ ‘ਆਫ-ਡਿਊਟੀ’ ’ਤੇ ਸਨ। ਉਥੇ ਹੀ ਕਲਿਆਣ-ਡੋਂਬੀਵਲੀ ਨਗਰ ਨਿਗਮ ਖੇਤਰ ’ਚ ਕੋਰੋਨਾ ਰੋਗੀਆਂ ਦੀ ਗਿਣਤੀ 75,000 ਹੋ ਗਈ ਹੈ।