ਗਹਿਲੋਤ ਦੇ ਬੇਟੇ ਅਤੇ ਸਪੀਕਰ ਦੀ ਗੱਲਬਾਤ ਦਾ ਵੀਡੀਓ ਵਾਇਰਲ

Thursday, Jul 30, 2020 - 07:55 PM (IST)

ਨਵੀਂ ਦਿੱਲੀ/ਜੈਪੁਰ : ਰਾਜਸਥਾਨ ਦੀ ਸਿਆਸਤ 'ਚ ਆਡੀਓ ਟੇਪ ਤੋਂ ਬਾਅਦ ਹੁਣ ਨਵੇਂ ਵੀਡੀਓ ਨਾਲ ਘਮਾਸਾਨ ਸ਼ੁਰੂ ਹੋ ਗਿਆ ਹੈ। ਦਰਅਸਲ, ਸਪੀਕਰ ਸੀ.ਪੀ. ਜੋਸ਼ੀ ਦੇ ਘਰ ਜਾ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਨੇ ਬੁੱਧਵਾਰ ਨੂੰ ਮੁਲਾਕਾਤ ਕੀਤੀ ਸੀ। ਇਸ ਦੌਰਾਨ ਵੈਭਵ ਨੇ ਪੁੱਛਿਆ ਕਿ ਰਾਜ ਸਭਾ ਚੋਣ ਤੋਂ ਬਾਅਦ 10 ਦਿਨ ਕਿਉਂ ਕੱਢੇ। ਇਸ 'ਤੇ ਸਪੀਕਰ ਨੇ ਕਿਹਾ ਕਿ ਹਾਲਾਤ ਮੁਸ਼ਕਲ ਹਨ। 30 ਲੋਕ ਨਿਕਲ ਜਾਂਦੇ ਹਨ ਤਾਂ ਤੁਸੀਂ ਕੁੱਝ ਨਹੀਂ ਕਰ ਸਕਦੇ। ਉਹ ਸਰਕਾਰ ਡੇਗ ਦਿੰਦੇ। ਇਸ ਦੌਰਾਨ ਦੋਵਾਂ ਵਿਚਾਲੇ ਰਾਜਸਥਾਨ ਸਰਕਾਰ ਨੂੰ ਲੈ ਕੇ ਗੱਲਬਾਤ ਹੋਈ। ਇਸ ਗੱਲਬਾਤ 'ਚ ਸਪੀਕਰ ਸੀ.ਪੀ. ਜੋਸ਼ੀ ਨੇ ਕਈ ਰਾਜ ਖੋਲ੍ਹੇ। ਬੇਫਿਕਰ ਹੋ ਕੇ ਸੀ.ਪੀ. ਜੋਸ਼ੀ ਸਾਰੀਆਂ ਗੱਲਾਂ ਕੈਮਰੇ ਦੇ ਸਾਹਮਣੇ ਬੋਲੇ ਜਾ ਰਹੇ ਸਨ, ਫਿਰ ਸਪੀਕਰ ਦੇ ਸਟਾਫ ਨੇ ਇਹੀ ਵੀਡੀਓ ਮੀਡੀਆ ਨੂੰ ਭੇਜ ਦਿੱਤਾ। ਇਸ 'ਚ ਸਚਿਨ ਪਾਇਲਟ ਧਿਰ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਸਾਰੇ ਵਿਧਾਨ ਸਭਾ ਦੀ ਕਾਰਵਾਈ 'ਚ ਹਿੱਸਾ ਲੈਣਗੇ। ਉਥੇ ਹੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹੋਟਲ 'ਚ ਵਿਧਾਇਕਾਂ ਨੂੰ ਕਿਹਾ ਕਿ ਤੁਸੀਂ ਸਾਰੇ ਜਨਮਾਸ਼ਟਮੀ-ਰੱਖੜੀ ਹੋਟਲ 'ਚ ਹੀ ਮਨਾਓ, ਪਰਿਵਾਰ ਨੂੰ ਵੀ ਸੱਦ ਸਕਦੇ ਹੋ। ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਲਈ ਤੁਹਾਨੂੰ 21 ਦਿਨ ਇੱਥੇ ਹੀ ਰਹਿਣਾ ਹੋਵੇਗਾ।

ਪੱਖ ਲੈ ਰਹੇ ਸਪੀਕਰ, ਅਹੁਦਾ ਛੱਡ ਦੇਣ: ਭਾਜਪਾ
ਵੀਡੀਓ ਆਉਣ ਤੋਂ ਬਾਅਦ ਭਾਜਪਾ ਗਹਿਲੋਤ ਸਰਕਾਰ 'ਤੇ ਹਮਲਾਵਰ ਹੋ ਗਈ ਹੈ। ਪ੍ਰਦੇਸ਼ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਗਹਿਲੋਤ ਸਰਕਾਰ ਨੂੰ ਬਚਾਉਣ ਦੀ ਸਭ ਤੋਂ ਜ਼ਿਆਦਾ ਚਿੰਤਾ ਸਪੀਕਰ ਸੀ.ਪੀ. ਜੋਸ਼ੀ ਅਤੇ ਵੈਭਵ ਗਹਿਲੋਤ ਨੂੰ ਹੈ। ਇਸ ਵੀਡੀਓ ਨਾਲ ਸਪੀਕਰ ਦੀ ਭੂਮਿਕਾ ਦੇ ਨਾਲ-ਨਾਲ ਪੂਰੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ। ਪੂਨੀਆ ਨੇ ਸਪੀਕਰ ਸੀ.ਪੀ. ਜੋਸ਼ੀ ਦਾ ਅਸਤੀਫਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੱਖ ਲੈ ਰਹੇ ਸਪੀਕਰ ਨੂੰ ਨੈਤਿਕਤਾ ਦੇ ਆਧਾਰ 'ਤੇ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਬਸਪਾ ਵਿਧਾਇਕਾਂ ਅਤੇ ਸਪੀਕਰ ਨੂੰ ਨੋਟਿਸ ਜਾਰੀ, 11 ਤੱਕ ਮੰਗਿਆ ਜਵਾਬ
ਬਸਪਾ ਦੀ ਮੰਗ 'ਤੇ ਰਾਜਸਥਾਨ ਹਾਈ ਕੋਰਟ 'ਚ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਸੁਣਵਾਈ ਹੋਈ, ਜਿਸ 'ਚ ਸਤੀਸ਼ ਮਿਸ਼ਰਾ ਵੱਲੋਂ ਦਲੀਲਾਂ ਰੱਖੀਆਂ ਗਈਆਂ।  ਇਸ ਤੋਂ ਬਾਅਦ ਕੋਰਟ ਵਲੋਂ ਬਸਪਾ ਦੇ ਸਾਰੇ 6 ਵਿਧਾਇਕਾਂ, ਵਿਧਾਨ ਸਭਾ ਪ੍ਰਧਾਨ ਅਤੇ ਵਿਧਾਨ ਸਭਾ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਗਿਆ। ਅਦਾਲਤ ਵਲੋਂ ਸਾਰਿਆਂ ਨੂੰ 11 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਸੁਣਵਾਈ ਦੌਰਾਨ ਬਸਪਾ ਨੇ ਦਲੀਲ ਦਿੱਤੀ ਕਿ ਉਹ ਇੱਕ ਰਾਸ਼ਟਰੀ ਪਾਰਟੀ ਹੈ, ਅਜਿਹੇ 'ਚ ਸੂਬਾ ਪੱਧਰ 'ਤੇ ਵਿਧਾਇਕ ਕਿਸੇ ਦੂਜੀ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦੇ ਹਨ। 

ਵੀਡੀਓ ਦੀ ਗੱਲਬਾਤ  
ਸਪੀਕਰ - ਮਾਮਲਾ ਅਜੇ ਬਹੁਤ ਮੁਸ਼ਕਲ ਹੈ। 
ਵੈਭਵ - ਰਾਜ ਸਭਾ ਚੋਣ ਤੋਂ ਬਾਅਦ 10 ਦਿਨ ਕੱਢਿਆ, ਫਿਰ ਵਾਪਸ ਰੱਖਿਆ।
ਸਪੀਕਰ - 30 ਲੋਕ ਨਿਕਲ ਜਾਂਦੇ ਹਨ ਤਾਂ ਤੁਸੀਂ ਕੁੱਝ ਨਹੀਂ ਕਰ ਸਕਦੇ। ਰੌਲਾ ਪਾ ਕੇ ਰਹਿ ਜਾਂਦੇ, ਉਹ ਸਰਕਾਰ ਡੇਗ ਦਿੰਦੇ। ਆਪਣੇ ਹਿਸਾਬ ਨਾਲ ਉਨ੍ਹਾਂ ਨੇ ਕਾਂਟੈਕਟ ਕੀਤਾ ਇਸ ਲਈ ਹੋ ਗਿਆ। ਦੂਜੇ ਦੇ ਵੱਸ ਦੀ ਗੱਲ ਨਹੀਂ ਸੀ।


Inder Prajapati

Content Editor

Related News