ਕੋਠਾਰੀ ਨੇ ਅਡਵਾਨੀ ਨੂੰ ਹਰਾ ਕੇ ਵਿਸ਼ਵ ਬਿਲੀਅਰਡਸ ਖਿਤਾਬ ਰੱਖਿਆ ਬਰਕਰਾਰ

Thursday, Apr 30, 2026 - 03:50 PM (IST)

ਕੋਠਾਰੀ ਨੇ ਅਡਵਾਨੀ ਨੂੰ ਹਰਾ ਕੇ ਵਿਸ਼ਵ ਬਿਲੀਅਰਡਸ ਖਿਤਾਬ ਰੱਖਿਆ ਬਰਕਰਾਰ

ਕਾਰਲੋ (ਆਇਰਲੈਂਡ)– ਭਾਰਤ ਦੇ ਸੌਰਵ ਕੋਠਾਰੀ ਨੇ ਇੱਥੇ ਇਕਪਾਸੜ ਫਾਈਨਲ ਮੁਕਾਬਲੇ ’ਚ ਹਮਵਤਨ ਪੰਕਜ ਅਡਵਾਨੀ ਨੂੰ ਹਰਾ ਕੇ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਬਰਕਰਾਰ ਰੱਖਿਆ। ਕੋਲਕਾਤਾ ਦੇ ਖਿਡਾਰੀ ਨੇ ਤਿੰਨ ਘੰਟੇ ਤੱਕ ਚੱਲੇ ਫਾਈਨਲ ’ਚ 19 ਵਾਰ ਦੇ ਚੈਂਪੀਅਨ ਅਡਵਾਨੀ ਨੂੰ 1133-477 ਨਾਲ ਹਰਾਇਆ। ਕੋਠਾਰੀ ਨੇ ਲਗਾਤਾਰ ਚੰਗੇ ਬ੍ਰੇਕ ਬਣਾਏ। ਉਸ ਨੇ 485, 121, 90, 241 ਤੇ 155 ਦੇ ਬ੍ਰੇਕ ਬਣਾ ਕੇ ਆਪਣੀ ਜਿੱਤ ਯਕੀਨੀ ਕੀਤੀ। ਕੋਠਾਰੀ ਨੇ ਫਾਈਨਲ ਤੋਂ ਬਾਅਦ ਆਪਣੀ ਜਿੱਤ ਨੂੰ ਆਪਣੇ ਪਿਤਾ ਮਨੋਜ ਕੋਠਾਰੀ ਨੂੰ ਸਮਰਪਿਤ ਕੀਤਾ ਜਿਨ੍ਹਾਂ ਦਾ ਇਸ ਸਾਲ ਦੇ ਸ਼ੁਰੂ ’ਚ ਦਿਹਾਂਤ ਹੋ ਗਿਆ ਸੀ।

ਉਸ ਨੇ ਕਿਹਾ, ‘‘ਮੈਂ ਆਪਣੇ ਪਿਤਾ ਲਈ ਇਸ ਪ੍ਰਤੀਯੋਗਿਤਾ ਨੂੰ ਦੁਬਾਰਾ ਜਿੱਤਣਾ ਚਾਹੁੰਦਾ ਸੀ। ਇਹ ਜਿੱਤ ਮੈਂ ਆਪਣੇ ਪਿਤਾ ਨੂੰ ਸਮਰਪਿਤ ਕਰਦਾ ਹਾਂ।’’

ਕੋਠਾਰੀ ਨੇ ਕਿਹਾ, ‘‘ਵਿਸ਼ਵ ਖਿਤਾਬ ਜਿੱਤਣਾ ਵਾਕਈ ਅਵਿਸ਼ਵਾਸ਼ਯੋਗ ਲੱਗਦਾ ਹੈ ਤੇ ਉਸ ਦਾ ਬਚਾਅ ਕਰਨਾ ਤਾਂ ਹੋਰ ਵੀ ਖਾਸ ਹੈ।’’

ਅਡਵਾਨੀ ਨੇ ਸ਼ੁਰੂ ’ਚ 141 ਦਾ ਬ੍ਰੇਕ ਬਣਾਇਆ ਪਰ ਕੋਠਾਰੀ ਨੇ 485 ਦੇ ਨਾਲ ਉਸ ਦਾ ਕਰਾਰਾ ਜਵਾਬ ਦਿੱਤਾ। ਇਸ ਤੋਂ ਬਾਅਦ ਉਸ ਨੇ 121 ਤੇ 90 ਦੇ ਬ੍ਰੇਕ ਬਣਾ ਕੇ ਅਡਵਾਨੀ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ। ਅਡਵਾਨੀ ਜਦੋਂ 224-700 ਨਾਲ ਪਿੱਛੇ ਚੱਲ ਰਿਹਾ ਸੀ ਤਦ ਉਸ ਨੇ 64 ਦਾ ਬ੍ਰੇਕ ਬਣਾਇਆ। ਕੋਠਾਰੀ ਨੇ ਉਸ ਦੀ ਗਲਤੀ ਦਾ ਫਾਇਦਾ ਚੁੱਕ ਕੇ 241 ਦਾ ਬ੍ਰੇਕ ਬਣਾਇਆ ਤੇ 941-288 ਨਾਲ ਬੜ੍ਹਤ ਹਾਸਲ ਕੀਤੀ। ਅਡਵਾਨੀ ਨੇ ਇਸ ਤੋਂ ਬਾਅਦ 119 ਦਾ ਬ੍ਰੇਕ ਬਣਾਇਆ ਪਰ ਕੋਠਾਰੀ ਨੇ 155 ਦਾ ਬ੍ਰੇਕ ਹਾਸਲ ਕਰਕੇ ਆਪਣੀ ਆਸਾਨ ਜਿੱਤ ਯਕੀਨੀ ਕੀਤੀ।


author

Tarsem Singh

Content Editor

Related News