ਗੰਭੀਰ ਬੀਮਾਰੀ ਨਾਲ ਜੂਝ ਰਹੇ ‘ਵੰਸ਼’ ਨੂੰ ਲੱਗਣਾ ਹੈ 16 ਕਰੋੜ ਦਾ ਟੀਕਾ, ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ
Saturday, Apr 03, 2021 - 06:26 PM (IST)
ਯਮੁਨਾਨਗਰ— ਯਮੁਨਾਨਗਰ ਦੇ ਰਹਿਣ ਵਾਲਾ 12 ਸਾਲਾ ਵੰਸ਼ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ। ਦਰਅਸਲ ਵੰਸ਼ ਮਾਸਪੇਸ਼ੀਆਂ ਨੂੰ ਖਰਾਬ ਕਰਨ ਦੇਣ ਵਾਲੀ ਸਪਾਈਨਲ ਮਸਕੁਲਰ ਏਟਰੋਫੀ ( spinal muscular atrophy) ਨਾਂ ਦੀ ਬੀਮਾਰੀ ਨਾਲ ਪੀੜਤ ਹੈ। ਜਿਸ ਕਰ ਕੇ ਵੰਸ਼ ਆਪਣੇ ਰੋਜ਼ ਦੇ ਕੰਮਾਂ ਲਈ ਦੂਜਿਆਂ ’ਤੇ ਨਿਰਭਰ ਹੈ। ਵੰਸ਼ ਦੀ ਇਸ ਬੀਮਾਰੀ ਦਾ ਇਲਾਜ ਭਾਰਤ ਵਿਚ ਕਿਤੇ ਵੀ ਨਹੀਂ ਹੈ। ਇਸ ਬੀਮਾਰੀ ਦੀ ਦਵਾਈ ਸਿਰਫ ਅਮਰੀਕਾ ਵਿਚ ਹੈ ਅਤੇ ਇਕ ਟੀਕੇ ਦੀ ਕੀਮਤ 16 ਕਰੋੜ ਰੁਪਏ ਹੈ। ਪਰਿਵਾਰ ਨੇ ਇਸ ਟੀਕੇ ਨੂੰ ਮੰਗਵਾਉਣ ਲਈ ਸਰਕਾਰ ਨੂੰ ਗੁਹਾਰ ਲਾਈ ਹੈ। ਵੰਸ਼ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਅਮਰੀਕਾ ਤੋਂ ਇਹ ਟੀਕਾ ਮੰਗਵਾਏ।
ਇਹ ਵੀ ਪੜ੍ਹੋ: ਜੁੱਗ-ਜੁੱਗ ਜੀਅ ਧੀਏ; 5 ਮਹੀਨੇ ਦੀ ਇਸ ਬੱਚੀ ਲਈ PM ਮੋਦੀ ਨੇ ਮੁਆਫ਼ ਕਰ ਦਿੱਤਾ 6 ਕਰੋੜ ਦਾ ਟੈਕਸ
ਪਰਿਵਾਰ ਮੁਤਾਬਕ ਉਨ੍ਹਾਂ ਦੇ ਬੱਚੇ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਸ ਨੂੰ ਜੋ ਟੀਕਾ ਲਗਵਾਉਣਾ ਹੈ, ਉਹ 16 ਕਰੋੜ ਰੁਪਏ ਦਾ ਹੈ। ਉਨ੍ਹਾਂ ਨੇ ਕਈ ਐੱਨ. ਜੀ. ਓ. ਅਤੇ ਸਮਾਜਿਕ ਸੰਗਠਨਾਂ ਨਾਲ ਵੀ ਸੰਪਰਕ ਕੀਤਾ ਹੈ ਪਰ ਹਰ ਥਾਂ ਮਾਯੂਸੀ ਹੀ ਹੱਥ ਲੱਗੀ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਆਪਣਾ ਸਾਰਾ ਕੁਝ ਵੇਚ ਕੇ ਵੀ ਇੰੰਨਾ ਪੈਸਾ ਨਹੀਂ ਇਕੱਠਾ ਕਰ ਸਕਦਾ। ਪਰਿਵਾਰ ਨੇ ਸਰਕਾਰ ਨੂੰ ਗੁਹਾਰ ਲਾਈ ਹੈ। ਵੰਸ਼ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਕਿ ਅਮਰੀਕਾ ਵਿਚ ਇਸ ਬੀਮਾਰੀ ਦਾ ਟੀਕਾ ਇਜਾਦ ਕੀਤਾ ਗਿਆ ਹੈ, ਜਿਸ ਨੂੰ ਹਾਲ ਹੀ ਦੇ ਦਿਨਾਂ ’ਚ ਮਹਾਰਾਸ਼ਟਰ ਦੀ ਇਕ ਬੱਚੀ ਨੂੰ ਲਾਇਆ ਗਿਆ ਹੈ। ਇਸ ਬੀਮਾਰੀ ਤੋਂ ਪੀੜਤ ਇਕ ਬੱਚੀ ਮਹਾਰਾਸ਼ਟਰ ਵਿਚ ਮਿਲੀ ਸੀ, ਉਸ ਦੇ ਮਾਪਿਆਂ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਤੋਂ ਮਦਦ ਮੰਗੀ ਸੀ। ਕੇਂਦਰ ਸਰਕਾਰ ਨੇ ਵੀ ਟੀਕਾ ਮੰਗਵਾਉਣ ਵਿਚ ਬੱਚੀ ਦੇ ਮਾਪਿਆਂ ਦੀ ਮਦਦ ਕੀਤੀ ਸੀ। ਹੁਣ ਉਨ੍ਹਾਂ ਦਾ ਬੱਚਾ ਵੀ ਇਸ ਬੀਮਾਰੀ ਤੋਂ ਪੀੜਤ ਹੈ। ਵੰਸ਼ ਆਪਣੇ ਹੱਥਾਂ ਨਾਲ ਨਾ ਤਾਂ ਕੁਝ ਖਾ ਸਕਦਾ ਹੈ ਅਤੇ ਨਾ ਹੀ ਕੱਪੜੇ ਪਹਿਨ ਸਕਦਾ ਹੈ।
ਓਧਰ ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਇਹ ਬੇਹੱਦ ਖ਼ਤਰਨਾਕ ਬੀਮਾਰੀ ਹੈ। ਇਸ ਵਿਚ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸਪਾਈਨਲ ਮਸਕੁਲਰ ਏਟਰੋਫੀ ਬੀਮਾਰੀ ਹੋਵੇ ਤਾਂ ਸਰੀਰ ਵਿਚ ਪ੍ਰੋਟੀਨ ਬਣਾਉਣ ਵਾਲਾ ਜੀਨ ਨਹੀਂ ਹੁੰਦਾ। ਇਸ ਨਾਲ ਮਾਸਪੇਸ਼ੀਆਂ ਖ਼ਤਮ ਹੋਣ ਲੱਗਦੀਆਂ ਹਨ। ਦਿਮਾਗ ਦੀਆਂ ਮਾਸਪੇਸ਼ੀਆਂ ਦੀ ਸਰਗਰਮੀ ਵੀ ਘੱਟ ਹੋਣ ਲੱਗਦੀ ਹੈ। ਇਸ ਨਾਲ ਸਾਹ ਲੈਣ ’ਚ ਔਖ ਅਤੇ ਭੋਜਨ ਨੂੰ ਚਬਾਉਣ ’ਚ ਮੁਸ਼ਕਲ ਹੋਣ ਲੱਗਦੀ ਹੈ। ਡਾਕਟਰ ਦਹੀਆ ਮੁਤਾਬਕ ਸਪਾਈਨਲ ਮਸਕੁਲਰ ਅਟਰਾਫੀ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਇਸ ਵਿਚ ਟਾਈਪ-1 ਸਭ ਤੋਂ ਜ਼ਿਆਦਾ ਗੰਭੀਰ ਹੈ।