ਹੁਣ ਬਰਨਾਲਾ ''ਚ ਵੀ ਰੁਕੇਗੀ ਵੰਦੇ ਭਾਰਤ ਟਰੇਨ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਮੀਤ ਹੇਅਰ ਨੂੰ ਦਿੱਤਾ ਭਰੋਸਾ

Tuesday, Sep 30, 2025 - 07:03 PM (IST)

ਹੁਣ ਬਰਨਾਲਾ ''ਚ ਵੀ ਰੁਕੇਗੀ ਵੰਦੇ ਭਾਰਤ ਟਰੇਨ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਮੀਤ ਹੇਅਰ ਨੂੰ ਦਿੱਤਾ ਭਰੋਸਾ

ਨਵੀਂ ਦਿੱਲੀ/ਬਰਨਾਲਾ: ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਠਹਿਰਾਅ ਹੁਣ ਬਰਨਾਲਾ ਵਿਖੇ ਵੀ ਹੋਵੇਗਾ। ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਚੁੱਕਿਆ, ਜਿਸ 'ਤੇ ਉਨ੍ਹਾਂ ਨੂੰ ਸਕਾਰਾਤਮਕ ਭਰੋਸਾ ਮਿਲਿਆ ਹੈ।

ਮੀਤ ਹੇਅਰ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਬਰਨਾਲਾ ਰੇਲਵੇ ਸਟੇਸ਼ਨ 'ਤੇ ਇਸ ਤੇਜ਼ ਰਫ਼ਤਾਰ ਟਰੇਨ ਦੇ ਠਹਿਰਾਅ ਨਾਲ ਇਲਾਕੇ ਦੇ ਸੈਂਕੜੇ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਉਹ ਸਿੱਧੇ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੁੜ ਸਕਣਗੇ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਜਿਹੀ ਟਰੇਨ ਦੀ ਮੰਗ ਕਰ ਰਹੇ ਸਨ। ਹਾਲਾਂਕਿ ਜਦੋਂ ਨਵੀਂ ਦਿੱਲੀ-ਫਿਰੋਜ਼ਪੁਰ ਵੰਦੇ ਭਾਰਤ ਟਰੇਨ ਦਾ ਪ੍ਰਸਤਾਵ ਆਇਆ ਤਾਂ ਇਸ ਵਿੱਚ ਬਰਨਾਲਾ ਦਾ ਸਟਾਪ ਸ਼ਾਮਲ ਨਹੀਂ ਕੀਤਾ ਗਿਆ ਸੀ।

ਮੀਤ ਹੇਅਰ ਨੇ ਦੱਸਿਆ ਕਿ ਰੇਲ ਮੰਤਰੀ ਰਵਨੀਤ ਬਿੱਟੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਕੇ ਬਰਨਾਲਾ ਰੇਲਵੇ ਸਟੇਸ਼ਨ 'ਤੇ ਟਰੇਨ ਦਾ ਠਹਿਰਾਅ ਯਕੀਨੀ ਬਣਾਇਆ ਜਾਵੇਗਾ. ਸੰਸਦ ਮੈਂਬਰ ਨੇ ਕਿਹਾ ਕਿ ਉਹ ਸੰਸਦ ਵਿੱਚ ਵੀ ਲਗਾਤਾਰ ਇਹ ਮੰਗ ਚੁੱਕਦੇ ਰਹੇ ਹਨ ਅਤੇ ਇਸ ਦੇ ਪੂਰਾ ਹੋਣ 'ਤੇ ਉਹ ਰੇਲ ਮੰਤਰਾਲੇ ਦਾ ਧੰਨਵਾਦ ਕਰਦੇ ਹਨ।

ਮੀਤ ਹੇਅਰ ਨੇ ਐਲਾਨ ਕੀਤਾ ਕਿ ਜਦੋਂ ਵੰਦੇ ਭਾਰਤ ਟਰੇਨ ਬਰਨਾਲਾ ਸਟੇਸ਼ਨ 'ਤੇ ਰੁਕੇਗੀ ਤਾਂ ਉਹ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਇਸ ਦਾ ਸ਼ਾਨਦਾਰ ਸਵਾਗਤ ਕਰਨਗੇ ਅਤੇ ਠਹਿਰਾਅ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟ ਕਰਨਗੇ


author

DILSHER

Content Editor

Related News