ਵਡੋਦਰਾ ’ਚ ਰਾਮਨੌਮੀ ਦੀ ਸ਼ੋਭਾ ਯਾਤਰਾ ’ਤੇ ਪਥਰਾਅ

Friday, Mar 31, 2023 - 11:57 AM (IST)

ਵਡੋਦਰਾ ’ਚ ਰਾਮਨੌਮੀ ਦੀ ਸ਼ੋਭਾ ਯਾਤਰਾ ’ਤੇ ਪਥਰਾਅ

ਵਡੋਦਰਾ, (ਭਾਸ਼ਾ)– ਗੁਜਰਾਤ ਦੇ ਵਡੋਦਰਾ ਸ਼ਹਿਰ ’ਚ ਫਤਿਹਪੁਰਾ ਇਲਾਕੇ ਵਿਚ ਰਾਮਨੌਮੀ ਦੀ ਸ਼ੋਭਾ ਯਾਤਰਾ ’ਤੇ ਵੀਰਵਾਰ ਨੂੰ ਪਥਰਾਅ ਕੀਤਾ ਗਿਆ। ਪੁਲਸ ਮੁਤਾਬਕ ਇਸ ਦੌਰਾਨ ਕੁਝ ਗੱਡੀਆਂ ਨੁਕਸਾਨੀਆਂ ਗਈਆਂ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ। ਸ਼ੋਭਾ ਯਾਤਰਾ ਪੁਲਸ ਦੀ ਸੁਰੱਖਿਆ ਹੇਠ ਪਹਿਲਾਂ ਤੋਂ ਤੈਅ ਰਸਤੇ ’ਚੋਂ ਕੱਢੀ ਗਈ। ਬਜਰੰਗ ਦਲ ਦੇ ਇਕ ਨੇਤਾ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਦੀ ਜਾਣਕਾਰੀ ਦੇ ਬਾਵਜੂਦ ਸ਼ੋਭਾ ਯਾਤਰਾ ਦੌਰਾਨ ਕਿਤੇ ਵੀ ਪੁਲਸ ਨਜ਼ਰ ਨਹੀਂ ਆਈ। ਹਰ ਸਾਲ ਇਸੇ ਰਸਤੇ ਤੋਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ।

ਦੂਜੇ ਪਾਸੇ ਪੁਲਸ ਨੇ ਦਅਵਾ ਕੀਤਾ ਕਿ ਸ਼ੋਭਾ ਯਾਤਰਾ ’ਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਪੁਲਸ ਮੁਤਾਬਕ ਹਾਲਾਤ ਕਾਬੂ ਹੇਠ ਹਨ। ਘਟਨਾ ਉਸ ਵੇਲੇ ਦੀ ਹੈ ਜਦੋਂ ਸ਼ੋਭਾ ਯਾਤਰਾ ਇਕ ਮਸਜਿਦ ਦੇ ਨੇੜੇ ਪਹੁੰਚੀ ਅਤੇ ਲੋਕਾਂ ਨੇ ਮੌਕੇ ’ਤੇ ਪਹੁੰਚਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਭੀੜ ਨੂੰ ਤਿੱਤਰ-ਬਿੱਤਰ ਕੀਤਾ ਅਤੇ ਸ਼ੋਭਾ ਯਾਤਰਾ ਅੱਗੇ ਵਧੀ। ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਜੇ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਬਜਰੰਗ ਦਲ ਦੀ ਵਡੋਦਰਾ ਇਕਾਈ ਦੇ ਪ੍ਰਧਾਨ ਕੇਤਨ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਇਹ ਪਥਰਾਅ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।


author

Rakesh

Content Editor

Related News