ਉੱਤਰਾਖੰਡ ਤ੍ਰਾਸਦੀ ’ਚ ਹਿਮਾਚਲ ਦੇ 8 ਨੌਜਵਾਨ ਲਾਪਤਾ, ਨਹੀਂ ਲੱਗਾ ਸੁਰਾਗ

Wednesday, Feb 10, 2021 - 11:09 AM (IST)

ਸ਼ਿਮਲਾ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ 7 ਫਰਵਰੀ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਈ ਆਫ਼ਤ ’ਚ ਹਿਮਾਚਲ ਪ੍ਰਦੇਸ਼ ਦੇ 8 ਹੋਰ ਨੌਜਵਾਨਾਂ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ 3 ਨੌਜਵਾਨਾਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਸੀ। ਲਾਪਤਾ ਨੌਜਵਾਨਾਂ ਵਿਚ ਰਾਮਪੁਰ ਦੀ ਕਿੰਨੂੰ ਪੰਚਾਇਤ ਦੇ 5, ਸ਼ਿੰਗਲਾ ਦੇ 2 ਅਤੇ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਦਾ ਇਕ ਨੌਜਵਾਨ ਸ਼ਾਮਲ ਹੈ। ਅਜੇ ਤੱਕ ਇਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਇਨ੍ਹਾਂ ਦੇ ਪਰਿਵਾਰ ਚਮੋਲੀ ਰਵਾਨਾ ਹੋ ਗਏ ਹਨ। ਨੌਜਵਾਨਾਂ ਦੀ ਪਹਿਚਾਣ ਕਿੰਨੂੰ ਪਿੰਡ ਦੇ ਕੈਲਾਸ਼ ਚੰਦ, ਆਸ਼ੀਸ਼, ਬਾਗਵਟ ਦੇ ਦੀਵਾਨ ਚੰਦ, ਦਵਿੰਦਰ ਅਤੇ ਅਮਿਤ ਜਦਕਿ ਸ਼ਿੰਗਲਾ ਦੇ ਪਵਨ ਕੁਮਾਰ ਅਤੇ ਰਾਕੇਸ਼ ਕੁਮਾਰ, ਪਾਲਮਪੁਰ ਦੇ ਰਾਕੇਸ਼ ਕਪੂਰ ਹਨ। 
ਜਲ ਬਿਜਲੀ ਪ੍ਰਾਜੈਕਟ ਦੀ ਨਿਰਮਾਣ ਅਧੀਨ ਸੁਰੰਗ ’ਚ ਫਸੇ ਸਿਰਮੌਰ ਜ਼ਿਲ੍ਹੇ ਦੇ ਮਾਜਰਾ ਪਿੰਡ ਦੇ ਜੀਤ ਸਿੰਘ ਠਾਕੁਰ ਦਾ ਵੀ ਅਜੇ ਕੋਈ ਸੁਰਾਗ ਨਹੀਂ ਲੱਗਾ ਹੈ। ਸ਼ਿੰਗਲਾ ਪੰਚਾਇਤ ਦੇ ਪਵਨ ਅਤੇ ਰਾਕੇਸ਼ ਪ੍ਰਾਜੈਕਟ ’ਚ ਕੰਮ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਆਫ਼ਤ ਦੇ ਸਮੇਂ ਕਿੰਨੂੰ ਪੰਚਾਇਤ ਦੇ ਨੌਜਵਾਨ ਮੁਰੰਮਤ ਕੰਮ ਕਰਨ ਲਈ ਗਏ ਹੋਏ ਸਨ। ਅਜੇ ਤੱਕ ਇਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਇਨ੍ਹਾਂ ਦੇ ਪਰਿਵਾਰ ਚੰਗੀ ਖ਼ਬਰ ਦੀ ਉਮੀਦ ’ਚ ਹਨ।

ਰੂਨਪੁ ਪਿੰਡ ਦੇ ਅਧਿਆਪਕ ਦੇਵਰਾਜ ਨੇ ਦੱਸਿਆ ਕਿ ਕੈਲਾਸ਼ ਚੰਦ ਕਈ ਸਾਲਾਂ ਤੋਂ ਇਸ ਪ੍ਰਾਜੈਕਟ ਵਿਚ ਵਰਕਰ ਸੀ। ਉਨ੍ਹਾਂ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਨਾਲ ਪ੍ਰਾਜੈਕਟ ’ਚ ਕੰਮ ਦਿਵਾਇਆ ਅਤੇ ਸਾਰੇ ਨਾਲ ਹੀ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਲਾਪਤਾ ਨੌਜਵਾਨ ਆਸ਼ੀਸ਼ ਕਰੀਬ ਦੋ ਮਹੀਨੇ ਪਹਿਲਾਂ ਹੀ ਕੰਮ ’ਤੇ ਗਿਆ ਸੀ। ਐਤਵਾਰ ਸਵੇਰੇ ਉਸ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਪਰ ਆਫ਼ਤ ਤੋਂ ਬਾਅਦ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ ਹੈ। ਸੂਬੇ ਦੇ

ਮੁੱਖ ਮੰਤਰੀ ਜੈਰਾਮ ਠਾਕੁਰ ਮੁਤਾਬਕ ਉਨ੍ਹਾਂ ਨੇ ਨੌਜਵਾਨਾਂ ਦੇ ਪਰਿਵਾਰਾਂ ਦੇ ਠਹਿਰਣ ਅਤੇ ਖਾਣ-ਪੀਣ ਦੀ ਵਿਵਸਥਾ ਲਈ ਉੱਤਰਾਖੰਡ ਸਰਕਾਰ ਨਾਲ ਗੱਲ ਕੀਤੀ ਹੈ। ਪ੍ਰਦੇਸ਼ ਸਰਕਾਰ ਵੀ ਇਨ੍ਹਾਂ ਲੋਕਾਂ ਲਈ ਚਿੰਤਾ ਵਿਚ ਹੈ।
ਦੱਸ ਦੇਈਏ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ 7 ਫਰਵਰੀ ਨੂੰ ਆਈ ਆਫ਼ਤ ਤੋਂ ਬਾਅਦ ਬਚਾਅ ਮੁੁਹਿੰਮ ਜਾਰੀ ਹੈ। ਤਪੋਵਨ ਜਲ ਪ੍ਰਾਜੈਕਟ ਦੀ ਸੁਰੰਗ ’ਚ ਫਸੇ 34 ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਅਜੇ ਵੀ ਚੱਲ ਰਹੀਆਂ ਹਨ। ਹੁਣ ਤੱਕ 32 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ 175 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ।


Tanu

Content Editor

Related News