ਉੱਤਰਾਖੰਡ ਦੇ CM ਨੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਕੀਤਾ ਸਨਮਾਨਿਤ, ਸੌਂਪਿਆ 15 ਲੱਖ ਦਾ ਚੈੱਕ
Monday, Dec 27, 2021 - 03:49 PM (IST)
ਦੇਹਰਾਦੂਨ (ਭਾਸ਼ਾ)- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਪੇਨ ਵਿਚ ਹੋਈ 2021 ਬੀ.ਡਬਲਿਊ.ਐੱਫ. ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਸਨਮਾਨਤ ਕੀਤਾ। ਐਤਵਾਰ ਨੂੰ 20 ਸਾਲਾ ਖਿਡਾਰੀ ਲਕਸ਼ੈ ਨੂੰ 15 ਲੱਖ ਦਾ ਚੈੱਕ ਸੌਂਪਦਿਆਂ ਧਾਮੀ ਨੇ ਕਿਹਾ ਕਿ ਉਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਤਗਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਲਕਸ਼ੈ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਮੁੱਖ ਮੰਤਰੀ ਨੇ ਲਕਸ਼ੈ ਦੇ ਮਾਪਿਆਂ ਨੂੰ ਵੀ ਸਨਮਾਨਤ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਨੌਜਵਾਨ ਖਿਡਾਰੀ ਅਗਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤੇਗਾ। ਉਨ੍ਹਾਂ ਸੂਬਾ ਸਰਕਾਰ ਦੀ ਨਵੀਂ ਖੇਡ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਦਾ ਉਦੇਸ਼ ਉਭਰਦੇ ਖਿਡਾਰੀਆਂ ਨੂੰ ਆਪਣੀ ਖੇਡ ਵਿਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਹੈ। ਧਾਮੀ ਨੇ ਦੱਸਿਆ ਕਿ ਸੂਬੇ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਮਹਿਲਾ ਸਪੋਰਟਸ ਕਾਲਜ ਤੋਂ ਇਲਾਵਾ ਖੇਡ ਸਪੋਰਟਸ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਗਈ ਹੈ।