ਆਰਥਿਕ ਤੰਗੀ ਕਾਰਨ ਨੌਜਵਾਨ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ, 5 ਦਿਨ ਬਾਅਦ ਪਤਨੀ ਨੇ ਵੀ ਲਗਾਇਆ ਫਾਹਾ
Wednesday, Oct 21, 2020 - 12:16 PM (IST)
ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਹਥਗਾਮ ਖੇਤਰ 'ਚ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ 5 ਦਿਨ ਪਹਿਲਾਂ ਇਕ ਨੌਜਵਾਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਸਦਮੇ 'ਚ ਉਸ ਦੀ ਪਤਨੀ ਨੇ ਵੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਹਥਗਾਮ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਆਦਿੱਤਿਆ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਖੇਤਰ ਦੇ ਕਸਰਾਂਵ ਪਿੰਡ ਦੇ ਮਜਰੇ ਹੁਲਾਸੀ ਦੇ ਪੁਰਵਾ 'ਚ ਮੋਨੀ ਦੇਵੀ (20) ਨਾਮੀ ਨਵਵਿਆਹੁਤਾ ਨੇ ਮੰਗਲਵਾਰ ਨੂੰ ਆਪਣੇ ਪੇਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਤਓਂਜਾ ਪਿੰਡ 'ਚ ਉਸ ਦੇ ਪਤੀ ਹਰਿਮੋਹਨ (24) ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੇ ਵਿਆਹ ਨੂੰ ਕਰੀਬ 4 ਮਹੀਨੇ ਹੀ ਹੋਏ ਸਨ।
ਸਿੰਘ ਨੇ ਜੋੜੇ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਤੋਂ ਦੱਸਿਆ ਕਿ ਹਰਿਮੋਹਨ ਮੁੰਬਈ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ, ਤਾਲਾਬੰਦੀ 'ਚ ਕੰਪਨੀ ਬੰਦ ਹੋਣ ਕਾਰਨ ਉਹ ਘਰ ਆ ਗਿਆ। ਇਸ ਦੌਰਾਨ 30 ਜੂਨ ਨੂੰ ਮੋਨੀ ਦੇਵੀ ਨਾਲ ਵਿਆਹ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਹਰਿਮੋਹਨ ਕੰਮ ਦੀ ਭਾਲ 'ਚ ਦਿੱਲੀ ਗਿਆ ਸੀ ਪਰ ਕੰਮ ਨਾ ਮਿਲਣ ਕਰ ਕੇ ਵਾਪਸ ਆਇਆ ਅਤੇ 15 ਅਕਤੂਬਰ ਨੂੰ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਦੂਜੇ ਪਾਸੇ ਮੋਨੀ ਦੀ ਮਾਂ ਅਨਾਰਕਲੀ ਨੇ ਪੁਲਸ ਨੂੰ ਦੱਸਿਆ ਕਿ ਜਵਾਈ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਹ 18 ਅਕਤੂਬਰ ਨੂੰ ਧੀ ਨੂੰ ਆਪਣੇ ਘਰ ਲੈ ਆਈ ਸੀ। ਧੀ ਨੇ ਸਦਮੇ ਕਾਰਨ ਖਾਣਾ-ਪਾਣੀ ਬੰਦ ਕਰ ਦਿੱਤਾ ਸੀ ਪਰ ਮੰਗਲਵਾਰ ਨੂੰ ਉਸ ਨੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਉਸ ਦੀ ਮਾਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜੁੜਵਾ ਭਰਾਵਾਂ ਨੇ NEET ਪਾਸ ਕਰ ਪਿਤਾ ਦਾ ਸੁਫ਼ਨਾ ਕੀਤਾ ਪੂਰਾ, ਹੁਣ ਇਕੱਠੇ ਬਣਨਗੇ ਡਾਕਟਰ