ਮੰਦਰ 'ਚ ਪੂਜਾ ਕਰਨ ਗਏ ਸੇਵਾ ਮੁਕਤ ਅਧਿਆਪਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Saturday, Sep 12, 2020 - 01:49 PM (IST)

ਸੀਤਾਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਮਹੋਲੀ 'ਚ ਸੇਵਾ ਮੁਕਤ ਅਧਿਆਪਕ ਦੀ ਮੰਦਰ ਕੰਪਲੈਕਸ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਸੀਤਾਪੁਰ ਦੇ ਪੁਲਸ ਅਧਿਕਾਰੀ ਆਰ. ਪੀ. ਸਿੰਘ ਨੇ ਸ਼ਨੀਵਾਰ ਯਾਨੀ ਕਿ ਅੱਜ ਦੱਸਿਆ ਕਿ ਥਾਣਾ ਮਹੋਲੀ ਦੇ ਸੋਨਾਰਣ ਟੋਲਾ ਵਿਚ ਰਹਿਣ ਵਾਲੇ ਸੇਵਾ ਮੁਕਤ ਅਧਿਆਪਕ ਕਮਲੇਸ਼ ਚੰਦਰ ਮਿਸ਼ਰਾ (68) ਸ਼ੁੱਕਰਵਾਰ ਸ਼ਾਮ ਨੂੰ ਪਿੰਡ ਤੋਂ ਬਾਹਰ ਬਣੇ ਮੰਦਰ ਵਿਚ ਪੂਜਾ ਕਰਨ ਗਏ ਸਨ। ਰਾਤ ਕਰੀਬ 12.00 ਵਜੇ ਤੱਕ ਵਾਪਸ ਨਹੀਂ ਆਏ, ਤਾਂ ਪਰਿਵਾਰ ਵਾਲਿਆਂ ਨੇ ਜਾ ਕੇ ਦੇਖਿਆ ਤਾਂ ਮੰਦਰ ਨੇੜੇ ਡਿੱਗੇ ਹੋਏ ਸਨ। ਉਨ੍ਹਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੇ ਸੱਟਾਂ ਮਾਰਨ ਦੇ ਨਿਸ਼ਾਨ ਸਨ। ਅਧਿਆਪਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਰਾਹ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।

ਪੁਲਸ ਮੁਤਾਬਕ ਪਰਿਵਾਰ ਵਾਲਿਆਂ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਡੀਸ਼ਨਲ ਪੁਲਸ ਸੁਪਰਡੈਂਟ ਉੱਤਰੀ ਅਤੇ ਖੇਤਰਾਧਿਕਾਰੀ ਸਦਰ ਦੀ ਅਗਵਾਈ 'ਚ 4 ਟੀਮਾਂ ਦਾ ਗਠਨ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਦੀ ਜਾਂਚ 'ਚ ਇਹ ਦੇਖਿਆ ਗਿਆ ਹੈ ਕਿ ਘਟਨਾ 'ਚ ਤੰਤਰ ਮੰਤਰ ਇਕ ਕਾਰਨ ਹੋ ਸਕਦਾ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜਿਹੀ ਜਾਣਕਾਰੀ ਮਿਲੀ ਹੈ ਕਿ ਮੁਕੇਸ਼ ਸ਼ੁਕਲਾ ਨਾਮੀ ਵਿਅਕਤੀ ਮਿਸ਼ਰਾ ਦੇ ਤੰਤਰ ਮੰਤਰ ਵਿਦਿਆ 'ਚ ਸਹਿਯੋਗ ਕਰਦਾ ਸੀ ਅਤੇ ਉਨ੍ਹਾਂ ਤੋਂ ਇਸ ਦੀ ਸਿੱਖਿਆ ਵੀ ਲੈ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੁਕਲਾ ਦੇ ਮਤਰੇਏ ਭਰਾ ਪ੍ਰਵੀਣ ਸ਼ੁਕਲਾ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਮੁਕੇਸ਼ ਤੰਤਰ ਮੰਤਰ ਜ਼ਰੀਏ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਪੁਲਸ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁਕੇਸ਼ ਅਤੇ ਉਸ ਦੇ ਭਰਾ ਪ੍ਰਵੀਣ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Tanu

Content Editor

Related News