ਹੈਵਾਨੀਅਤ: ਗੈਂਗਰੇਪ ਮਗਰੋਂ ਦਰਿੰਦਿਆਂ ਨੇ ਕੱਟੀ ਸੀ ਜੀਭ, ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਕੁੜੀ

09/26/2020 12:56:25 PM

ਅਲੀਗੜ੍ਹ— ਨਿਰਭਯਾ ਗੈਂਗਰੇਪ ਤੋਂ ਬਾਅਦ ਪੂਰੇ ਦੇਸ਼ ’ਚ ਗੁੱਸਾ ਸੀ। ਨਿਰਭਯਾ ਨਾਲ ਵਾਪਰੀ ਇਸ ਘਿਣੌਨੀ ਘਟਨਾ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਮਗਰੋਂ ਵੀ ਬਲਾਤਕਾਰ ਦੇ ਮਾਮਲੇ ਘੱਟਣ ਦੀ ਬਜਾਏ ਹੋਰ ਵੱਧ ਰਹੇ ਹਨ। ਅੱਜ ਫਿਰ ਦੇਸ਼ ਦੀ ਇਕ ਧੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਹੈਵਾਨੀਅਤ ਦੀ ਸ਼ਿਕਾਰ ਹੋਈ ਦਲਿਤ ਕੁੜੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਹੈਵਾਨਾਂ ਨੇ ਗੈਂਗਰੇਪ ਤੋਂ ਬਾਅਦ ਉਸ ਦੀ ਜੀਭ ਵੀ ਕੱਟ ਦਿੱਤੀ ਸੀ। ਉਸ ਤੋਂ ਬਾਅਦ ਉਹ ਇਕ ਹਫਤੇ ਤੋਂ ਵਧੇਰੇ ਸਮੇਂ ਬੇਹੋਸ਼ ਰਹੀ ਸੀ। ਦੋਸ਼ ਹੈ ਕਿ ਦਲਿਤ ਕੁੜੀ ਨਾਲ ਪਿੰਡ ਦੇ ਹੀ 4 ਬਦਮਾਸ਼ ਨੌਜਵਾਨਾਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ। 

ਮੈਡੀਕਲ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦਰਿੰਦਿਆਂ ਨੇ ਗੈਂਗਰੇਪ ਤੋਂ ਬਾਅਦ ਪੀੜਤਾਂ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਸੀ। ਪੁਲਸ ਨੇ ਛੇੜਖਾਨੀ ਦੇ ਦੋਸ਼ ਵਿਚ ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ ਸੀ। 21 ਸਤੰਬਰ ਨੂੰ ਕੁੜੀ ਦੇ ਹੋਸ਼ ਵਿਚ ਆਉਣ ਤੋਂ ਬਾਅਦ ਕੀਤੀ ਗਈ ਡਾਕਟਰੀ ਜਾਂਚ ਦੌਰਾਨ ਮੈਡੀਕਲ ਰਿਪੋਰਟ ਵਿਚ ਗੈਂਗਰੇਪ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਇਹ ਮਾਮਲਾ ਭੱਖਿਆ। ਪੀੜਤਾ ਨੇ ਹੋਸ਼ ’ਚ ਆਉਣ ਮਗਰੋਂ ਦੱਸਿਆ ਕਿ ਦੋਸ਼ੀਆਂ ਨੇ ਉਸ ਦੀ ਜੀਭ ਕੱਟ ਦਿੱਤੀ ਸੀ, ਤਾਂ ਕਿ ਉਹ ਲੋਕਾਂ ਨੂੰ ਘਟਨਾ ਬਾਰੇ ਨਾ ਦੱਸ ਸਕੇ।

ਤਿੰਨ ਦੋਸ਼ੀ ਪੁਲਸ ਦੀ ਗਿ੍ਰਫ਼ਤ ’ਚ
ਹਾਥਰਸ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਹੁਣ ਤੱਕ ਗਿ੍ਰਫ਼ਤਾਰ ਕੀਤਾ ਹੈ। ਪੀੜਤਾ ਪਿਛਲੇ 13 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦਰਮਿਆਨ ਅਲੀਗੜ੍ਹ ਦੇ ਇਕ ਸਥਾਨਕ ਹਸਪਤਾਲ ’ਚ ਜੂਝ ਰਹੀ ਹੈ। ਹਾਲਾਤ ਵਿਗੜਨ ’ਤੇ ਉਸ ਨੂੰ ਆਈ. ਸੀ. ਯੂ. ਵਿਚ ਸ਼ਿਫਟ ਕੀਤਾ ਗਿਆ ਹੈ ਅਤੇ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਕੁੜੀ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।

14 ਸਤੰਬਰ ਖੇਤ ’ਚ ਗੈਂਗਰੇਪ—
14 ਸਤੰਬਰ ਨੂੰ ਸਵੇਰੇ ਦਲਿਤ ਨਾਬਾਲਗ ਕੁੜੀ ਆਪਣੀ ਮਾਂ ਅਤੇ ਭਰਾ ਨਾਲ ਪਸ਼ੂਆਂ ਲਈ ਪੱਠੇ ਲੈਣ ਲਈ ਖੇਤਾਂ ’ਚ ਗਈ ਸੀ। ਇਸ ਦੌਰਾਨ  ਕੁੜੀ ਦਾ ਭਰਾ ਘਾਹ ਕੱਟਣ ਮਗਰੋਂ ਖੇਤਾਂ ਤੋਂ ਘਰ ਚੱਲਾ ਗਿਆ। ਇਸ ਤੋਂ ਬਾਅਦ ਕੁੜੀ ਦੀ ਮਾਂ ਕੁਝ ਦੂਰੀ ’ਤੇ ਜਾ ਕੇ ਘਾਹ ਕੱਟਣ ਲੱਗੀ। ਇਸ ਦੌਰਾਨ ਕੁੜੀ ਨੂੰ ਇਕੱਲੀ ਵੇਖ ਕੇ ਪਿੰਡ ਦੇ ਰਹਿਣ ਵਾਲੇ 4 ਨੌਜਵਾਨ ਕੁੜੀ ਨੂੰ ਖਿੱਚ ਕੇ ਖੇਤਾਂ ’ਚ ਲੈ ਗਏ। ਘਟਨਾ ਨੂੰ ਅੰਜ਼ਾਮ ਦਿੰਦੇ ਸਮੇਂ ਚੀਕਣ ਦੀ ਆਵਾਜ਼  ਸੁਣ ਕੇ ਮੌਕੇ ’ਤੇ ਪੁੱਜੀ ਮਾਂ ਨੂੰ ਵੇਖ ਕੇ ਦੋਸ਼ੀ ਫਰਾਰ ਹੋ ਗਏ ਸਨ। ਪਰਿਵਾਰ ਵਾਲਿਆਂ ਨੇ ਕੁੜੀ ਦੀ ਹਾਲਤ ਨਾਜ਼ੁਕ ਹੋਣ ’ਤੇ ਜ਼ਿਲ੍ਹਾ ਹਸਪਤਾਲ ਲੈ ਗਏ। ਡਾਕਟਰਾਂ ਨੇ ਕੁੜੀ ਨੂੰ ਅਲੀਗੜ੍ਹ ਦੇ ਜੇ. ਐੱਨ. ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਘਟਨਾ ਦੇ 9 ਦਿਨ ਬਾਅਦ ਪੀੜਤਾ ਹੋਸ਼ ਵਿਚ ਆਈ ਅਤੇ ਉਸ ਨੇ ਹੱਡਬੀਤੀ ਪਰਿਵਾਰ ਨੂੰ ਦੱਸੀ। ਗੈਂਗਰੇਪ ਦੀ ਪੁਸ਼ਟੀ ਮਗਰੋਂ ਹਾਥਰਸ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਕੁੜੀ ਦੇ ਦੋਹਾਂ ਹੱਥਾਂ ਅਤੇ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਹ ਵੈਂਟੀਲੇਟਰ ’ਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। 
 


Tanu

Content Editor

Related News