ਯੂ. ਪੀ. ’ਚ ਫਿਰ ਸਪਾ-ਕਾਂਗਰਸ ਗਠਜੋੜ ਬਣਨ ਦੇ ਆਸਾਰ

Wednesday, Jun 21, 2023 - 04:04 PM (IST)

ਯੂ. ਪੀ. ’ਚ ਫਿਰ ਸਪਾ-ਕਾਂਗਰਸ ਗਠਜੋੜ ਬਣਨ ਦੇ ਆਸਾਰ

ਨਵੀਂ ਦਿੱਲੀ, (ਸ਼ੇਸ਼ਮਣੀ)- ਉੱਤਰ ਪ੍ਰਦੇਸ਼ ’ਚ ਭਾਜਪਾ ਦੇ ਖਿਲਾਫ ਇਕ ਵਾਰ ਫਿਰ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਹੱਥ ਮਿਲਾ ਸਕਦੇ ਹਨ। ਇਸ ਦੇ ਸੰਕੇਤ ਮਿਲਣੇ ਸ਼ੁਰੂ ਹੋ ਚੁੱਕੇ ਹਨ। ਸਪਾ ਮੁਖੀ ਅਖਿਲੇਸ਼ ਯਾਦਵ ਦੇ ਤਾਜ਼ਾ ਬਿਆਨ ਇਸ ਵੱਲ ਇਸ਼ਾਰਾ ਕਰ ਰਹੇ ਹਨ। ਹਾਲਾਂਕਿ, ਇਸ ਗਠਜੋੜ ਲਈ ਸਪਾ ’ਤੇ ਉਸ ਦੇ ਸਹਿਯੋਗੀ ਰਾਸ਼ਟਰੀ ਲੋਕ ਦਲ (ਰਾਲੋਦ) ਦਾ ਦਬਾਅ ਦੱਸਿਆ ਜਾ ਰਿਹਾ ਹੈ।

ਸਪਾ ਪ੍ਰਧਾਨ ਅਖਿਲੇਸ਼ ਯਾਦਵ ਦਾ ਸ਼ਨੀਵਾਰ ਦਾ ਇਹ ਬਿਆਨ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਸੱਤਾਧਿਰ ਭਾਜਪਾ ਨੂੰ ਹਰਾਉਣ ਲਈ ਵਚਨਬੱਧ ਵਿਰੋਧੀ ਪਾਰਟਆਂ ਨੂੰ ‘ਵੱਡਾ ਦਿਲ’ ਵਿਖਾਉਣਾ ਚਾਹੀਦਾ ਹੈ ਅਤੇ ਉੱਤਰ ਪ੍ਰਦੇਸ਼ ’ਚ ਸਪਾ ਦਾ ਸਮਰਥਨ ਕਰਨਾ ਚਾਹੀਦਾ ਹੈ, ਇਸ ਗੱਲ ਦਾ ਸੰਕੇਤ ਹੈ ਕਿ ਸਪਾ ਕਾਂਗਰਸ ਦੇ ਨਾਲ ਹੱਥ ਮਿਲਾਉਣ ਨੂੰ ਤਿਆਰ ਹੈ, ਬਸ਼ਰਤੇ ਕਿ ਸੀਟਾਂ ਦੀ ਵੰਡ ’ਚ ਉਨ੍ਹਾਂ ਦੀ ਪਾਰਟੀ ਦਾ ਦਬਦਬਾ ਰਹੇ।

ਸੂਤਰਾਂ ਦਾ ਕਹਿਣਾ ਹੈ ਕਿ ਹੁਣ ਸਪਾ ਆਪਣੇ ਮੌਜੂਦਾ ਸਹਿਯੋਗੀ ਰਾਲੋਦ ਦੇ ਦਬਾਅ ’ਚ ਹੈ, ਜਿਸ ਦਾ ਮੰਨਣਾ ਹੈ ਕਿ ਕਾਂਗਰਸ ਤੋਂ ਬਿਨਾਂ ਕੋਈ ਵੀ ਭਾਜਪਾ-ਵਿਰੋਧੀ ਮੋਰਚਾ ਸਫਲ ਨਹੀਂ ਹੋ ਸਕਦਾ ਹੈ।


author

Rakesh

Content Editor

Related News