UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ
Monday, Oct 25, 2021 - 03:02 PM (IST)
ਲਖਨਊ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਆਪਣੇ 7 ਵਾਅਦੇ ਜਨਤਕ ਕਰਨ ਦੇ ਕੁਝ ਦਿਨ ਬਾਅਦ ਸੋਮਵਾਰ ਨੂੰ ਇਕ ਹੋਰ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਦਾ ਕਿਸੇ ਵੀ ਬੀਮਾਰੀ ਦਾ 10 ਲੱਖ ਰੁਪਏ ਤਕ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'
ਪਿ੍ਰਯੰਕਾ ਨੇ ਇਕ ਟਵੀਟ ਵਿਚ ਕਿਹਾ ਕਿ ਸਸਤੇ ਅਤੇ ਚੰਗੇ ਇਲਾਜ ਲਈ ਐਲਾਨ ਪੱਤਰ ਕਮੇਟੀ ਦੀ ਸਹਿਮਤੀ ਨਾਲ ਉੱਤਰ ਪ੍ਰਦੇਸ਼ ਕਾਂਗਰਸ ਨੇ ਫ਼ੈਸਲਾ ਲਿਆ ਹੈ ਕਿ ਸਰਕਾਰ ਬਣਨ ’ਤੇ ਕੋਈ ਵੀ ਬੀਮਾਰੀ ਹੋਵੇ, ਮੁਫ਼ਤ ਹੋਵੇਗਾ 10 ਲੱਖ ਰੁਪਏ ਤਕ ਦਾ ਸਰਕਾਰੀ ਇਲਾਜ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਅਤੇ ਇਸ ਸਮੇਂ ਸੂਬੇ ’ਚ ਬੁਖ਼ਾਰ ਫੈਲਣ ਦੀਆਂ ਖ਼ਬਰਾਂ ਨੂੰ ਲੈ ਕੇ ਸਰਕਾਰੀ ਵਿਵਸਥਾਵਾਂ ’ਤੇ ਨਿਸ਼ਾਨਾ ਵਿੰਨਿ੍ਹਆ। ਟਵੀਟ ’ਚ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਅਤੇ ਪ੍ਰਦੇਸ਼ ਵਿਚ ਫੈਲੇ ਬੁਖ਼ਾਰ ’ਚ ਸਰਕਾਰੀ ਉਮੀਦ ਦੇ ਚੱਲਦੇ ਸਿਹਤ ਵਿਵਸਥਾ ਦੀ ਖ਼ਸਤਾ ਹਾਲਤ ਸਭ ਨੇ ਵੇਖੀ।
ਇਹ ਵੀ ਪੜ੍ਹੋ: ਯੂਕਰੇਨ ’ਚ ਲਾੜਾ ਤੇ ਕੇਰਲ ’ਚ ਲਾੜੀ, ‘ਗੂਗਲ ਮੀਟ’ ਰਾਹੀਂ ਆਨਲਾਈਨ ਹੋ ਗਿਆ ਵਿਆਹ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਇਲੈਕਟ੍ਰਿਕ ਸਕੂਟੀ ਦੇਣ ਦਾ ਵਾਅਦਾ ਕੀਤਾ ਸੀ। ਪਿਛਲੀ 23 ਅਕਤੂਬਰ ਨੂੰ ਪਿ੍ਰਯੰਕਾ ਨੇ ਬਾਰਾਬੰਕੀ ਜ਼ਿਲ੍ਹੇ ਤੋਂ ਪ੍ਰਤਿਗਿਆ ਯਾਤਰਾਵਾਂ ਨੂੰ ਹਰੀ ਝੰਡੀ ਵਿਖਾਈ ਸੀ। ਇਸ ਮੌਕੇ ’ਤੇ ਪਾਰਟੀ ਨੇ 20 ਲੱਖ ਲੋਕਾਂ ਨੂੰ ਨੌਕਰੀ ਦੇਣ, ਬਿਜਲੀ ਦਾ ਬਿੱਲ ਅੱਧਾ ਕਰਨ ਅਤੇ ਕੋਵਿਡ-19 ਮਹਾਮਾਰੀ ਦੌਰਾਨ ਵਿੱਤੀ ਸੰਕਟ ’ਚੋਂ ਲੰਘ ਰਹੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। ਪਾਰਟੀ ਪ੍ਰਦੇਸ਼ ਦੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਣ ਦਾ ਵੀ ਐਲਾਨ ਕਰ ਚੁੱਕੀ ਹੈ।