ਸੁਖਵਿੰਦਰ ''ਕਲਕੱਤਾ'' ਕਤਲਕਾਂਡ ''ਚ ਨਵਾਂ ਮੋੜ! ''ਆਪ'' ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
Monday, Oct 06, 2025 - 01:09 PM (IST)

ਚੰਡੀਗੜ੍ਹ (ਵੈੱਬ ਡੈਸਕ): ਸ਼ਹਿਣਾ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲਕਾਂਡ 'ਤੇ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਇਸ ਬਾਰੇ ਜਿੱਥੇ ਸੱਤਾਧਿਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉੱਥੇ ਹੀ ਹੁਣ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਵੱਡੇ ਖ਼ੁਲਾਸੇ ਕੀਤੇ ਹਨ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸੁਖਵਿੰਦਰ ਸਿੰਘ ਦਾ ਕਤਲ ਕਰਨ ਵਾਲਾ ਨੌਜਵਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਰੀਬੀ ਸੀ। ਉਨ੍ਹਾਂ ਨੇ ਦੋਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਵਿੰਦਰ ਸਿੰਘ ਦਾ ਅਸਲਾ ਵਾਪਸ ਲਏ ਜਾਣ ਦੇ ਦੋਸ਼ਾਂ ਬਾਰੇ ਵੀ ਅਸਲੀਅਤ ਦੱਸੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਬਲਤੇਜ ਪੰਨੂ ਅਤੇ ਨੀਲ ਗਰਗ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਮੰਦਭਾਗੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੁਝ ਸਿਆਸੀ ਲੀਡਰ ਲਾਸ਼ਾਂ ਦੀ ਰਾਜਨੀਤੀ ਕਰ ਕੇ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਡੀ. ਆਈ. ਜੀ. ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਤੇ ਉਸ ਦੇ ਤਿੰਨ ਸਾਥੀਆਂ ਵਿਚਾਲੇ ਰੰਜਿਸ਼ ਸੀ, ਜਿਸ ਕਾਰਨ ਇਹ ਕਤਲ ਹੋਇਆ। 'ਆਪ' ਆਗੂਆਂ ਨੇ ਕਿਹਾ ਕਿ ਪੰਜਾਬ ਪੁਲਸ ਨੇ 24 ਘੰਟਿਆਂ ਦੇ ਅੰਦਰ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ।
ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ ਦਹਾਕਿਆਂ ਤੋਂ ਪੰਜਾਬ ਵਿਚ ਪੰਚੀ-ਸਰਪੰਚੀ ਕਾਰਨ ਦੁਸ਼ਮਣੀਆਂ ਪੈਂਦੀਆਂ ਰਹੀਆਂ ਹਨ। ਇਹ ਕਤਲਕਾਂਡ ਵੀ ਅਜਿਹੀ ਹੀ ਦੁਸ਼ਮਣੀ ਦਾ ਨਤੀਜਾ ਹੈ। ਗੁਰਦੀਪ ਸਿੰਘ ਦੀਪੀ ਬਾਵਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਹੁਤ ਨਜ਼ਦੀਕੀਆਂ ਵਿਚੋਂ ਇਕ ਹੈ। ਉਨ੍ਹਾਂ ਨੇ ਰਾਜਾ ਵੜਿੰਗ ਤੇ ਦੀਪੀ ਬਾਵਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਇਹ ਤਸਵੀਰਾਂ ਦੀਪੀ ਬਾਵਾ ਦੇ ਸੋਸ਼ਲ ਮੀਡੀਆ 'ਤੇ ਹੀ ਮੌਜੂਦ ਹਨ। ਪੰਨੂ ਨੇ ਅੱਗੇ ਕਿਹਾ ਕਿ ਸੁਖਵਿੰਦਰ ਕਲਕੱਤਾ ਤੇ ਦੀਪੀ ਬਾਵਾ ਇੱਕੋ ਪਿੰਡ ਦੇ ਰਹਿਣ ਵਾਲੇ ਸੀ ਤੇ ਦੋਹਾਂ ਵਿਚ ਕਾਫ਼ੀ ਨੇੜਤਾ ਸੀ। 2018 ਦੀਆਂ ਸਰਪੰਚੀ ਦੀਆਂ ਚੋਣਾਂ ਵੇਲੇ ਦੀਪੀ ਬਾਵਾ ਨੇ ਆਪਣੀ ਪਤਨੀ ਨੂੰ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਤਾ ਜੀ ਦੇ ਖ਼ਿਲਾਫ਼ ਚੋਣ ਲੜਾਈ ਸੀ। ਇਸ ਕਾਰਨ ਹੀ ਦੋਹਾਂ ਵਿਚ ਰੰਜਿਸ਼ ਸ਼ੁਰੂ ਹੋਈ ਸੀ। ਸ਼ਹਿਣਾ ਦੇ ਮੌਜੂਦਾ ਪੰਚਾਇਤ ਘਰ ਵਾਲੀ ਜ਼ਮੀਨ ਤੇ ਦੀਪੀ ਬਾਵਾ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ, ਸੁਖਵਿੰਦਰ ਕਲਕੱਤਾ ਨੇ ਉਸ ਜਗ੍ਹਾ ਨੂੰ ਛੁਡਵਾ ਕੇ ਉੱਥੇ ਪੰਚਾਇਤ ਘਰ ਬਣਵਾਇਆ। ਸਰਪੰਚੀ ਵੇਲੇ ਸੁਖਵਿੰਦਰ ਕਲਕੱਤਾ ਨੇ ਸਰਕਾਰੀ ਦਰਖ਼ਤ ਵਢਵਾ ਦਿੱਤੇ ਤੇ ਦੀਪੀ ਬਾਵਾ ਨੇ ਇਸ ਦਾ ਵਿਰੋਧ ਕੀਤਾ ਅਤੇ ਕਾਂਗਰਸ ਹਾਈਕਮਾਂਡ ਤਕ ਸ਼ਿਕਾਇਤ ਕੀਤੀ। ਦੀਪੀ ਬਾਵਾ ਦੇ ਬੰਦਿਆਂ ਵੱਲੋਂ ਪਹਿਲਾਂ ਵੀ ਇਕ ਵਾਰ ਕਲਕੱਤਾ 'ਤੇ ਹਮਲਾ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - 'ਆਪ' ਪੰਜਾਬ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ List
ਅਸਲਾ ਵਾਪਸ ਲਏ ਜਾਣ ਦੇ ਦੋਸ਼ ਬੇਬੁਨਿਆਦ: ਨੀਲ ਗਰਗ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਹਥਿਆਰ ਜਮ੍ਹਾਂ ਕਰਵਾ ਲਿਆ ਸੀ, ਜੋ ਤੱਥਾਂ ਤੋਂ ਬਿਲਕੁੱਲ ਪਰ੍ਹੇ ਹੈ। ਮਈ 2025 ਵਿਚ ਸੁਖਵਿੰਦਰ ਸਿੰਘ ਕਲਕੱਤਾ ਨੇ ਖ਼ੁਦ ਆਪਣਾ ਹਥਿਆਰ ਵੇਚਣ ਲਈ ਐੱਨ. ਓ. ਸੀ. ਲਈ ਸੀ। ਉਨ੍ਹਾਂ ਦੇ ਲਾਇਸੰਸ ਦੀ ਵੈਲਿਡਿਟੀ 2029 ਤਕ ਹੈ। ਉਨ੍ਹਾਂ ਨੇ ਪੁਰਾਣਾ ਹਥਿਆਰ ਵੇਚ ਕੇ ਨਵਾਂ ਹਥਿਆਰ ਲੈਣਾ ਸੀ। ਇਸ ਲਈ ਸੂਬੇ ਦੀ ਸਰਕਾਰ 'ਤੇ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8