ਬਿਜਲੀ ਕੁਨੈਕਸ਼ਨ ’ਚ ਗੜਬੜੀ ਦਾ ਮਾਮਲਾ: ਪਾਵਰਕਾਮ ਸਿਟੀ ਵੈਸਟ ਡਵੀਜ਼ਨ ’ਚ ਤਾਇਨਾਤ ਮੁਲਾਜ਼ਮ ਵਿਰੁੱਧ FIR ਦਰਜ

Wednesday, Oct 08, 2025 - 06:35 AM (IST)

ਬਿਜਲੀ ਕੁਨੈਕਸ਼ਨ ’ਚ ਗੜਬੜੀ ਦਾ ਮਾਮਲਾ: ਪਾਵਰਕਾਮ ਸਿਟੀ ਵੈਸਟ ਡਵੀਜ਼ਨ ’ਚ ਤਾਇਨਾਤ ਮੁਲਾਜ਼ਮ ਵਿਰੁੱਧ FIR ਦਰਜ

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਲਗਾਈ ਗਈ ਆਬਜੈਕਸ਼ਨ ਦੇ ਬਾਵਜੂਦ ਸਰਕਾਰੀ ਰਿਕਾਰਡ ਨਾਲ ਹੇਰਾਫੇਰੀ ਕਰ ਕੇ ਪਵੇਲੀਅਨ ਮਾਲ ’ਚ ਬਿਜਲੀ ਦੇ ਚੱਲ ਰਹੇ 4000 ਕਿਲੋਵਾਟ ਕੁਨੈਕਸ਼ਨ ’ਚ ਗੜਬੜੀ ਕਰਦੇ ਹੋਏ ਚੇਂਜ ਆਫ ਨੇਮ ਕਰਨ ਦੇ ਗੰਭੀਰ ਮਾਮਲੇ ’ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਵਲੋਂ ਪਾਵਰਕਾਮ ਸਿਟੀ ਵੈਸਟ ਡਵੀਜ਼ਨ ’ਚ ਤਾਇਨਾਤ ਮੁਲਾਜ਼ਮ ਗਗਨਦੀਪ ਸਿੰਘ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਦੇ ਹੋਏ ਪਾਵਰਕਾਮ ਵਿਭਾਗ ਦੀ ਸਿਟੀ ਵੈਸਟ ਡਵੀਜ਼ਨ ’ਚ ਤਾਇਨਾਤ ਚੰਦ ਮੁਲਾਜ਼ਮਾਂ ਵਲੋਂ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਪਵੇਲੀਅਨ ਮਾਲ ’ਚ ਚੱਲ ਰਹੇ ਬਿਜਲੀ ਦੇ ਵੱਡੇ ਕੁਨੈਕਸ਼ਨ ਨੂੰ ਖਪਤਕਾਰਾਂ ਤੋਂ ਕਥਿਤ ਲੱਖਾਂ ਦੀ ਰਿਸ਼ਵਤ ਵਸੂਲ ਕੇ ਨਵੇਂ ਨਾਂ ’ਤੇ ਟਰਾਂਸਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਨਿੱਜੀ ਹਸਪਤਾਲ 'ਚ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਡਾਕਟਰਾਂ 'ਤੇ ਲੱਗੇ ਗੰਭੀਰ ਇਲਜ਼ਾਮ

ਵਿਭਾਗੀ ਮੁਲਾਜ਼ਮਾਂ ਵਲੋਂ ਉਕਤ ਕਾਲੇ ਕਾਰਨਾਮੇ ਨੂੰ ਬੜੀ ਸਫਾਈ ਦੇ ਨਾਲ ਅੰਜਾਮ ਦਿੱਤਾ ਗਿਆ, ਜਿਸ ਦੀ ਭਿਣਕ ਤੱਕ ਵੀ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਹੀਂ ਲੱਗ ਪਾਈ। ਮਾਮਲਾ ਮੀਡੀਆ ’ਚ ਆਉਣ ’ਤੇ ਜਲਦਬਾਜ਼ੀ ’ਚ ਅਧਿਕਾਰੀਆਂ ਵਲੋਂ ਪਵੇਲੀਅਨ ਮਾਲ ਦੇ ਬਦਲੇ ਗਏ ਬਿਜਲੀ ਕੁਨੈਕਸ਼ਨ ਨੂੰ ਫਿਰ ਤੋਂ ਪੁਰਾਣੇ ਨਾਂ ’ਤੇ ਹੀ ਟਰਾਂਸਫਰ ਕਰ ਦਿੱਤਾ ਗਿਆ, ਜਿਸ ਦਾ ਖੁਲਾਸਾ ਸਭ ਤੋਂ ਪਹਿਲਾ ‘ਜਗ ਬਾਣੀ’ ਵਲੋਂ ਕੀਤਾ ਗਿਆ ਸੀ। ਉਕਤ ਫਰਜ਼ੀਵਾੜੇ ’ਚ ਸਾਜ਼ਿਸ਼ਕਰਤਾਵਾਂ ਵਲੋਂ ਪਾਵਰਕਾਮ ਦੇ ਜੇ. ਈ. ਦੀ ਕੰਪਿਊਟਰ ਆਈ. ਡੀ. ਦੀ ਗਲਤ ਵਰਤੋਂ ਕਰ ਕੇ ਉਸ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਖਤਰਨਾਕ ਯੋਜਨਾ ਤਿਆਰ ਕੀਤੀ ਗਈ ਸੀ ਪਰ ਚੰਗੀ ਕਿਸਮਤ ਇਹ ਰਹੀ ਕਿ ਸਮੇਂ ’ਤੇ ਸਾਜ਼ਿਸ਼ਕਰਤਾਵਾਂ ਦਾ ਭਾਂਡਾ ਭੱਜ ਗਿਆ।

ਜਾਣਕਾਰੀ ਮੁਤਾਬਕ ਕਥਿਤ ਮੁਲਜ਼ਮ ਗਗਨਦੀਪ ਸਿੰਘ ਵਲੋਂ ਚੇਂਜ ਆਫ ਨੇਮ ਸਬੰਧੀ ਦਸਤਾਵੇਜ਼ ਉਸ ਦੇ ਕੋਲ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂਕਿ ਸ਼ਿਕਾਇਤ ਮੁਤਾਬਕ ਅਪ੍ਰੈਲ 2025 ਨੂੰ ਉਕਤ ਦਸਤਾਵੇਜ਼ ਵਿਭਾਗ ਦੀ ਸਿਟੀ ਵੈਸਟ ਡਵੀਜ਼ਨ ਨਾਲ ਸਬੰਧਤ ਫਾਊਂਟੇਨ ਚੌਕ ਦਫ਼ਤਰ ’ਚ ਜਮ੍ਹਾ ਕੀਤੇ ਗਏ ਹਨ। ਪੁਲਸ ਵਲੋਂ ਰਿਕਾਰਡ ਦੀ ਬਰਾਮਦਗੀ ਲਈ ਕਾਨੂੰਨੀ ਦਾਅ-ਪੇਚ ਅਪਣਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ 420 ਦੇ ਇਸ ਨੈੱਟਵਰਕ ’ਚ ਕਈ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਚਿਹਰਿਆਂ ਦੇ ਪਾਏ ਹੋਏ ਇਮਾਨਦਾਰੀ ਦੇ ਮਖੌਟੇ ਆਉਣ ਵਾਲੇ ਸਮੇਂ ’ਚ ਬੇਨਕਾਬ ਹੋ ਸਕਦੇ ਹਨ, ਜਿਸ ’ਚ ਇਸ ਅਹਿਮ ਗੱਲ ਦਾ ਖੁਲਾਸਾ ਹੋ ਸਕਦਾ ਹੈ ਕਿ ਬਿਨੈਕਾਰ ਦੇ ਗੈਰ-ਕਾਨੂੰਨੀ ਕੰਮ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਮੁਲਜ਼ਮਾਂ ਵਲੋਂ ਕਿੰਨੀ ਰਿਸ਼ਵਤ ਵਸੂਲੀ ਗਈ ਹੈ ਅਤੇ ਪਾਵਰਕਾਮ ਦੇ ਕਿਹੜੇ-ਕਿਹੜੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਜੇਬ ’ਚ ਕਿੰਨਾਂ ਹਿੱਸਾ ਪਹੁੰਚਿਆ ਹੈ।

ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ’ਚ 3 ਫੁੱਟ ਬਰਫ, SDRF ਨੇ 6 km ਟ੍ਰੈਕ ’ਤੇ ਕੀਤਾ ਰੈਸਕਿਊ

ਪਾਵਰਕਾਮ ਵਿਭਾਗ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਕੁਝ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਉਨ੍ਹਾਂ ਸਾਫ ਕੀਤਾ ਕਿ ਪਾਵਰਕਾਮ ਵਿਭਾਗ ’ਚ ਕਿਸੇ ਵੀ ਤਰ੍ਹਾਂ ਦੇ ਘਪਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News