UP ''ਚ ਰੂਹ ਕੰਬਾਊ ਵਾਰਦਾਤ: ਕਾਰ ਹੇਠਾਂ ਫਸ ਕੇ 12 ਕਿਲੋਮੀਟਰ ਤੱਕ ਘਸੀਟਦੀ ਰਹੀ ਲਾਸ਼
Saturday, Jan 24, 2026 - 10:59 PM (IST)
ਬਦਾਯੂੰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ’ਚ ਸ਼ੁੱਕਰਵਾਰ ਰਾਤ ਇਕ ਦੁਖਦਾਈ ਘਟਨਾ ਵਾਪਰੀ। ਇਕ ਨੌਜਵਾਨ ਦੀ ਲਾਸ਼ ਉਸ ਕਾਰ ਦੇ ਹੇਠਾਂ ਫਸ ਗਈ ਜਿਸ ਤੇ ‘ਯੂ. ਪੀ. ਸਰਕਾਰ’ ਲਿਖਿਆ ਹੋਇਆ ਸੀ। ਲਾਸ਼ ਸੜਕ ’ਤੇ ਲਗਭਗ 12 ਕਿਲੋਮੀਟਰ ਤੱਕ ਘਸੀਟਦੀ ਗਈ।
ਇਹ ਘਟਨਾ ਸਦਰ ਕੋਤਵਾਲੀ ਖੇਤਰ ਦੇ ਲਾਲਪੁਲ ਚੌਰਾਹੇ ਨੇੜੇ ਵਾਪਰੀ। ਪਿੱਛੇ ਆ ਰਹੇ ਵਾਹਨਾਂ ’ਚ ਸਵਾਰ ਲੋਕਾਂ ਨੇ ਕਾਰ ਨੂੰ ਰੁਕਵਾਇਆ ਤੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਅਨੁਸਾਰ ਸਿਵਲ ਲਾਈਨਜ਼ ਖੇਤਰ ਦਾ ਰਹਿਣ ਵਾਲਾ ਪਰਵੇਂਦਰ ਪ੍ਰਤਾਪ ਸਿੰਘ ਕਾਦਰ ਚੌਕ ਥਾਣਾ ਖੇਤਰ ਤੋਂ ਕਾਰ ਰਾਹੀਂ ਘਰ ਵਾਪਸ ਆ ਰਿਹਾ ਸੀ। ਰਸਤੇ ’ਚ ਇਕ ਨੌਜਵਾਨ ਦੀ ਲਾਸ਼ ਕਾਰ ਦੇ ਹੇਠਾਂ ਫਸ ਗਈ ਪਰ ਡਰਾਈਵਰ ਨੂੰ ਪਤਾ ਨਹੀਂ ਲੱਗਾ।
ਲਾਲਪੁਲ ਪਹੁੰਚਣ ’ਤੇ ਲੋਕਾਂ ਨੇ ਕਾਰ ਦੇ ਹੇਠਾਂ ਲਾਸ਼ ਫਸੀ ਵੇਖੀ ਤਾਂ ਉਹ ਹੈਰਾਨ ਰਹਿ ਗਏ। ਪੁਲਸ ਨੇ ਲਾਸ਼ ਨੂੰ ਬਾਹਰ ਕੱਢਿਆ ਜਿਸ ਦੀ ਪਛਾਣ ਮਿਸਤਰੀ ਘਲੇਂਦਰ ਪੁੱਤਰ ਚੁੰਨੀ ਲਾਲ ਵਾਸੀ ਬਿਲਸੀ ਕੋਤਵਾਲੀ ਖੇਤਰ ਰਾਏਪੁਰ ਵਜੋਂ ਹੋਈ।
ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।
