ਡਾਕਟਰ ਦੀ ਵੱਡੀ ਲਾਪ੍ਰਵਾਹੀ; 4 ਮਹੀਨੇ ਦੇ ਬੱਚੇ ਨੂੰ ਲਾਇਆ ''ਐਕਸਪਾਇਰੀ ਡੇਟ'' ਦਾ ਟੀਕਾ

Wednesday, Feb 01, 2023 - 06:17 PM (IST)

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-119 'ਚ ਸਥਿਤ ਇਕ ਹਸਪਤਾਲ ਦੇ ਡਾਕਟਰ ਸਮੇਤ 4 ਲੋਕਾਂ ਖਿਲਾਫ਼ ਇਕ ਵਿਅਕਤੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਦੇ 4 ਮਹੀਨੇ ਦੇ ਬੱਚੇ ਨੂੰ ਐਕਸਪਾਇਰੀ ਡੇਟ (ਆਖ਼ਰੀ ਤਾਰੀਖ਼ ਖਤਮ ਹੋਣ ਮਗਰੋਂ) ਟੀਕਾ ਲਾ ਦਿੱਤਾ। ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਸੈਕਟਰ-113 ਦੇ ਇੰਚਾਰਜ ਇੰਸਪੈਕਟਰ ਪ੍ਰਮੋਦ ਪ੍ਰਜਾਪਤੀ ਨੇ ਦੱਸਿਆ ਕਿ ਮਯੂਰ ਸਿੰਘਲ ਨਾਮੀ ਵਿਅਕਤੀ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ ਕਿ ਉਨ੍ਹਾਂ ਨੇ 30 ਜਨਵਰੀ ਦੀ ਰਾਤ 11 ਵਜੇ ਕਰੀਬ ਆਪਣੇ 4 ਮਹੀਨੇ ਦੇ ਪੁੱਤਰ ਦਰਸ਼ ਨੂੰ ਇਲਾਜ ਲਈ ਸੈਕਟਰ-119 ਸਥਿਤ ਮਦਰਲੈਂਡ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। 

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਬਹੁਤ ਰੋ ਰਿਹਾ ਸੀ। ਬੱਚੇ ਦਾ ਇਲਾਜ ਕਰਨ ਵਾਲੇ ਡਾਕਟਰ ਅਭਿਸ਼ੇਕ ਨੇ ਦੱਸਿਆ ਕਿ ਉਸ ਨੂੰ ਦਰਦ ਨਿਵਾਰਕ ਟੀਕਾ ਲਾਉਣਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਡਾਕਟਰ ਅਤੇ ਨਰਸ ਨੇ ਬੱਚੇ ਨੂੰ ਦਰਦ ਨਿਵਾਰਕ ਟੀਕਾ ਲਾਇਆ। ਥੋੜ੍ਹੀ ਦੇਰ ਬਾਅਦ ਜਦੋਂ ਉਨ੍ਹਾਂ ਨੇ ਵੇਖਿਆ ਕਿ ਜੋ ਟੀਕਾ ਉਨ੍ਹਾਂ ਨੇ ਬੱਚੇ ਨੂੰ ਲਾਇਆ ਸੀ ਉਹ ਐਕਸਪਾਇਰੀ ਡੇਟ ਦਾ ਸੀ। ਡਾਕਟਰ ਅਤੇ ਹਸਪਤਾਲ ਦੇ ਲੋਕਾਂ ਨੇ ਉਨ੍ਹਾਂ ਦੇ ਬੱਚੇ ਦੇ ਨਾਲ ਲਾਪ੍ਰਵਾਹੀ ਕਰਦੇ ਹੋਏ ਐਕਸਪਾਇਰੀ ਡੇਟ ਦਾ ਟੀਕਾ ਲਾਇਆ ਹੈ, ਜਿਸ ਨਾਲ ਉਨ੍ਹਾਂ ਦੇ ਬੱਚੇ ਨੂੰ ਜਾਨ ਨੂੰ ਖ਼ਤਰਾ ਹੋ ਸਕਦਾ ਹੈ। 

ਥਾਣਾ ਇੰਚਾਰਜ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਪੁਲਸ ਨੇ ਹਸਪਤਾਲ ਦੇ ਡਾਕਟਰ ਅਭਿਸ਼ੇਕ, ਕੰਪਾਊਂਡਰ ਸੋਨੂੰ, ਨਰਸ ਖੁਸ਼ਬੂ ਅਤੇ ਭਾਵਨਾ ਦੇ ਖਿਲਾਫ਼ ਧਾਰਾ-337, 338 ਦੇ ਤਹਿਤ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News