ਜ਼ਬਰੀ ਬਣਾਇਆ ਗਿਆ ਸੀ ਮੁਸਲਿਮ, ਹੁਣ 12 ਸਾਲ ਬਾਅਦ 80 ਲੋਕਾਂ ਦੀ ਹਿੰਦੂ ਧਰਮ ’ਚ ਵਾਪਸੀ
Tuesday, Dec 13, 2022 - 10:36 AM (IST)
ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਐਤਵਾਰ ਦੀ ਦੇਰ ਸ਼ਾਮ ਤਕਰੀਬਨ ਦਰਜਨ ਭਰ ਪਰਿਵਾਰਾਂ ਦੇ 80 ਮੈਂਬਰਾਂ ਨੇ ਇਸਲਾਮ ਧਰਮ ਛੱਡ ਕੇ ਹਿੰਦੂ ਧਰਮ ਵਿਚ ਘਰ ਵਾਪਸੀ ਕੀਤੀ ਹੈ। ਇਹ ਸਾਰੇ ਰਾਮਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਬਘਰਾ ਬਲਾਕ ਸਥਿਤ ਯੋਗ ਸਾਧਨਾ ਆਸ਼ਰਮ ਦੇ ਮਹਾਰਾਜ ਯਸ਼ਵੀਰ ਜੀ ਵਲੋਂ ਗੰਗਾਜਲ ਨਾਲ ਸ਼ੁੱਧੀਕਰਣ ਕਰਵਾ ਕੇ ਅਤੇ ਗਲੇ ਵਿਚ ਜਨੇਊ ਧਾਰਨ ਕਰਵਾ ਕੇ, ਗਾਇਤਰੀ ਮੰਤਰ ਉਚਾਰਣ ਦੇ ਨਾਲ ਯੱਗ ਵਿਚ ਆਹੂਤੀ ਪਵਾ ਕੇ ਇਨ੍ਹਾਂ ਸਾਰੇ ਲੋਕਾਂ ਦੀ ਇਸਲਾਮ ਧਰਮ ਤੋਂ ਹਿੰਦੂ ਧਰਮ ਵਿਚ ਵਾਪਸੀ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਇਸਲਾਮ ਧਰਮ ਛੱਡ ਕੇ ਹਿੰਦੂ ਧਰਮ ਵਿਚ ਵਾਪਸੀ ਕਰਨ ਵਾਲੇ ਰਾਮਪੁਰ ਜ਼ਿਲ੍ਹੇ ਦੇ ਵਾਸੀ ਇਨ੍ਹਾਂ ਲੋਕਾਂ ਨੇ ਆਜ਼ਮ ਖਾਨ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ 12 ਸਾਲ ਪਹਿਲਾਂ ਆਜ਼ਮ ਖਾਨ ਵਲੋਂ ਜਬਰੀ ਹਿੰਦੂ ਧਰਮ ਤੋਂ ਉਨ੍ਹਾਂ ਦਾ ਧਰਮ ਤਬਦੀਲ ਕਰਵਾ ਕੇ ਮੁਸਲਿਮ ਬਣਵਾਇਆ ਗਿਆ ਸੀ। ਦੋਸ਼ ਇਹ ਹੈ ਕਿ ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਜ਼ਮੀਨ ਜਾਇਦਾਦ ਵੀ ਆਜ਼ਮ ਖਾਨ ਦੇ ਗੁਰਗਿਆਂ ਵਲੋਂ ਹੜੱਪ ਲਈ ਗਈ ਸੀ।
ਇਨ੍ਹਾਂ ਸਾਰਿਆਂ ਲੋਕਾਂ ਨੂੰ ਧਰਮ ਵਿਚ ਵਾਪਸੀ ਕਰਵਾਉਣ ਵਾਲੇ ਯਸ਼ਵੀਰ ਜੀ ਮਹਾਰਾਜ ਨੇ ਦੱਸਿਆ ਕਿ ਅੱਜ ਰਾਮਪੁਰ ਵਾਸੀ ਕਈ ਪਰਿਵਾਰਾਂ ਦੇ 80 ਮੈਂਬਰਾਂ ਦੀ ਹਿੰਦੂ ਧਰਮ ਵਿਚ ਘਰ ਵਾਪਸੀ ਕਰਵਾਈ ਗਈ ਹੈ। ਯਸ਼ਵੀਰ ਮਹਾਰਾਜ ਨੇ ਅੱਗੇ ਦੱਸਿਆ ਕਿ ਲਾਲਚ ਦੇ ਕੇ ਅਤੇ ਡਰਾ-ਧਮਕਾ ਕੇ ਮੁਸਲਮਾਨ ਬਣਵਾਇਆ ਗਿਆ ਸੀ। ਹੁਣ ਤੱਕ ਅਸੀਂ ਲਗਭਗ 530 ਲੋਕਾਂ ਦੀ ਹਿੰਦੂ ਧਰਮ ਵਿਚ ਵਾਪਸੀ ਕਰਵਾ ਚੁੱਕੇ ਹਾਂ।