ਰਵਨੀਤ ਬਿੱਟੂ ਨੇ ਰਾਜ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ

Wednesday, Aug 21, 2024 - 06:25 PM (IST)

ਰਵਨੀਤ ਬਿੱਟੂ ਨੇ ਰਾਜ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ

ਜੈਪੁਰ (ਭਾਸ਼ਾ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਬਿੱਟੂ ਇੱਥੇ ਵਿਧਾਨ ਸਭਾ ਭਵਨ ਪਹੁੰਚੇ ਅਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਦੇ ਦਫ਼ਤਰ 'ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉੱਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਅਤੇ ਦੀਆ ਕੁਮਾਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਵੀ ਮੌਜੂਦ ਸਨ। ਵਿਧਾਨ ਸਭਾ 'ਚ ਉਨ੍ਹਾਂ ਨੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ 'ਚ ਵੀ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਬਣਾਉਣ ਲਈ ਪਾਰਟੀ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਸਮੇਤ ਹੋਰ ਆਗੂਆਂ ਤੇ ਵਿਧਾਇਕਾਂ ਨੇ ਬਿੱਟੂ ਨੂੰ ਵਧਾਈ ਦਿੱਤੀ। ਸ਼ਰਮਾ ਨੇ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਰਾਠੌੜ ਵੀ ਮੌਜੂਦ ਸਨ। ਨਾਮਜ਼ਦਗੀ ਤੋਂ ਬਾਅਦ ਬਿੱਟੂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਸ਼ਰਮਾ ਨੇ 'ਐਕਸ' 'ਤੇ ਲਿਖਿਆ,''ਮੈਂ ਰਾਜਸਥਾਨ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਅਤੇ ਮਾਨਯੋਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਹਾਜ਼ਰ ਰਿਹਾ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਵਿਸ਼ੇਸ਼ ਕਾਰਜਸ਼ੈਲੀ ਨਾ ਸਿਰਫ਼ ਪ੍ਰਦੇਸ਼ ਸਗੋਂ ਪੂਰੇ ਦੇਸ਼ ਦੀ ਵਿਕਾਸ ਯਾਤਰਾ ਨੂੰ ਗਤੀ ਪ੍ਰਦਾਨ ਕਰੇਗੀ।''

ਉਨ੍ਹਾਂ ਲਿਖਿਆ,''ਵਿਜੇਸ਼੍ਰੀ ਦੀਆਂ ਸ਼ੁੱਭਕਾਮਨਾਵਾਂ...।'' ਰਾਜਸਥਾਨ ਤੋਂ ਰਾਜ ਸਭਾ ਦੀ ਇਹ ਸੀਟ ਕੇ.ਸੀ. ਵੇਣੂਗੋਪਾਲ (ਕਾਂਗਰਸ) ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਅਸਤੀਫ਼ਾ ਦੇਣ ਨਾਲ ਖ਼ਾਲੀ ਹੋਈ ਹੈ। ਇਸ ਸੀਟ 'ਤੇ ਮੈਂਬਰਸ਼ਿਪ ਦਾ ਕਾਰਜਕਾਲ 21 ਜੂਨ 2026 ਤੱਕ ਰਹੇਗਾ। ਇਸ ਸੀਟ 'ਤੇ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ ਅਤੇ ਰਾਜ ਵਿਧਾਨ ਸਭਾ 'ਚ ਸੱਤਾਧਾਰੀ ਪਾਟਰੀ ਦੇ ਬਹੁਮਤ ਕਾਰਨ ਬਿੱਟੂ ਦਾ ਬਿਨਾਂ ਵਿਰੋਧ ਚੁਣੇ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਵਿਰੋਧੀ ਦਲ ਕਾਂਗਰਸ ਨੇ ਜ਼ਿਮਨੀ ਚੋਣ 'ਚ ਉਮੀਦਵਾਰ ਨਾ ਉਤਾਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਨੇ 17 ਅਗਸਤ ਨੂੰ ਨਾਮਜ਼ਦਗੀ ਦਾਖ਼ਲ ਕੀਤੀ ਹੈ ਪਰ ਨਾਮਜ਼ਦਗੀ 'ਚ ਪ੍ਰਸਤਾਵਕਾਂ ਦਾ ਵੇਰਵਾ ਨਹੀਂ ਹੈ। ਜ਼ਿਮਨੀ ਚੋਣ ਲਈ 21 ਅਗਸਤ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 22 ਅਗਸਤ ਨੂੰ ਹੋਵੇਗੀ, ਜਦੋਂ ਕਿ 27 ਅਗਸਤ ਨੂੰ ਨਾਂ ਵਾਪਸ ਲੈ ਸਕਣਗੇ। ਜ਼ਰੂਰੀ ਹੋਣ 'ਤੇ ਵੋਟਿੰਗ 3 ਸਤੰਬਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ ਇਸੇ ਦਿਨ ਹੋਵੇਗੀ। ਰਾਜਸਥਾਨ 'ਚ ਕੁੱਲ 10 ਰਾਜ ਸਭਾ ਸੀਟਾਂ ਹਨ ਅਤੇ ਉਨ੍ਹਾਂ 'ਚੋਂ ਇਕ ਖ਼ਾਲੀ ਹੈ। 9 ਸੀਟਾਂ 'ਚੋਂ ਭਾਜਪਾ ਕੋਲ 4 ਅਤੇ ਕਾਂਗਰਸ ਕੋਲ 5 ਸੀਟਾਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News