ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ, ਫੇਫੜਿਆਂ ਦੇ ਕੈਂਸਰ ਤੋਂ ਸਨ ਪੀੜਤ

11/12/2018 10:32:59 AM

ਬੇਂਗਲੁਰੂ— ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਸੋਮਵਾਰ ਤੜਕੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਮਹੀਨਿਆਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਸਨ। ਸ਼ੰਕਰਾ ਹਸਪਤਾਲ ਦੇ ਨਿਰਦੇਸ਼ਕ ਨਾਗਰਾਜ ਨੇ ਦੱਸਿਆ ਕਿ ਅਨੰਤ ਕੁਮਾਰ ਨੇ ਤੜਕੇ ਦੋ ਵਜੇ ਆਖਰੀ ਸਾਹ ਲਿਆ। ਉਸ ਸਮੇਂ ਉਨ੍ਹਾਂ ਦੀ ਪਤਨੀ ਤੇਜਸਵਨੀ ਅਤੇ ਦੋਵੇਂ ਧੀਆਂ ਉੱਥੇ ਮੌਜੂਦ ਸਨ। ਅਮਰੀਕਾ ਅਤੇ ਬ੍ਰਿਟੇਨ ਵਿਚ ਇਲਾਜ ਕਰਾਉਣ ਦੇ ਬਾਅਦ ਉਹ ਹਾਲ ਹੀ 'ਚ ਬੇਂਗਲੁਰੂ ਵਾਪਸ ਪਰਤੇ ਸਨ। ਉਨ੍ਹਾਂ ਦਾ ਬਾਅਦ ਵਿਚ ਇੱਥੇ ਸ਼ੰਕਰਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਭਾਜਪਾ ਸੂਤਰਾਂ ਨੇ ਦੱਸਿਆ ਕਿ ਕੁਮਾਰ ਦੀ ਦੇਹ ਸ਼ਰਧਾਂਜਲੀ ਲਈ ਨੈਸ਼ਨਲ ਕਾਲਜ ਗ੍ਰਾਊਂਡ ਵਿਚ ਰੱਖੀ ਜਾਵੇਗੀ। ਇਹ ਮੈਦਾਨ ਉਨ੍ਹਾਂ ਦੇ ਬੇਂਗਲੁਰੂ ਦੱਖਣੀ ਲੋਕ ਸਭਾ ਖੇਤਰ ਵਿਚ ਪੈਂਦਾ ਹੈ।

ਅਨੰਤ ਕੁਮਾਰ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਨੇਤਾਵਾਂ ਨੇ ਸੋਗ ਜਤਾਇਆ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ, ''ਅਨੰਤ ਕੁਮਾਰ ਦੇ ਦਿਹਾਂਤ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ।ਉਨ੍ਹਾਂ ਨੇ ਭਾਜਪਾ ਦੀ ਲੰਬੇ ਅਰਸੇ ਤਕ ਸੇਵਾ ਕੀਤੀ। ਬੇਂਗਲੁਰੂ ਉਨ੍ਹਾਂ ਦੇ ਦਿਲ ਅਤੇ ਦਿਮਾਗ ਵਿਚ ਹਮੇਸ਼ਾ ਰਿਹਾ।ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੌਂਸਲਾ ਬਖਸ਼ੇ।''

ਕੁਮਾਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਮੈਂ ਆਪਣੇ ਕੀਮਤੀ ਸਹਿਯੋਗੀ ਅਤੇ ਮਿੱਤਰ ਸ਼੍ਰੀ ਅਨੰਤ ਕੁਮਾਰ ਜੀ ਦੇ ਦਿਹਾਂਤ ਕਾਰਨ ਬੇਹੱਦ ਦੁਖੀ ਹਾਂ। ਉਹ ਇਕ ਦਿੱਗਜ ਨੇਤਾ ਸਨ, ਜੋ ਛੋਟੀ ਉਮਰ ਵਿਚ ਹੀ ਜਨਤਕ ਜੀਵਨ ਵਿਚ ਆਏ ਤੇ ਬਹੁਤ ਹੀ ਮਿਹਨਤ ਅਤੇ ਸੇਵਾ ਭਾਵ ਨਾਲ ਸਮਾਜ ਦੀ ਸੇਵਾ ਕੀਤੀ। ਅਨੰਤ ਕੁਮਾਰ ਆਪਣੇ ਚੰਗੇ ਕੰਮਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ।''

 

 


Related News