ਦੇਸ਼ ਨੂੰ ਕਦੋਂ ਮਿਲੇਗੀ ਕੋਰੋਨਾ ਵੈਕਸੀਨ, ਸਿਹਤ ਮੰਤਰੀ ਹਰਸ਼ਵਰਧਨ ਨੇ ਦਿੱਤੀ ਜਾਣਕਾਰੀ
Tuesday, Oct 13, 2020 - 04:23 PM (IST)
ਨਵੀਂ ਦਿੱਲੀ— ਭਾਰਤ ਸਮੇਤ ਦੁਨੀਆ ਦੇ ਤਮਾਮ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ। ਇਸ ਮਹਾਮਾਰੀ ਕਾਰਨ ਭਾਰਤ 'ਚ ਕੇਸਾਂ ਦੀ ਗਿਣਤੀ 71 ਲੱਖ ਤੋਂ ਪਾਰ ਹੋ ਚੁੱਕੀ ਹੈ। ਅਜਿਹੇ ਵਿਚ ਲੋਕ ਕੋਰੋਨਾ ਵੈਕਸੀਨ ਦੀ ਉਡੀਕ ਵਿਚ ਹਨ, ਕਿਉਂਕਿ ਮਹਾਮਾਰੀ ਦਾ ਖ਼ਤਰਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਵੈਕਸੀਨ ਦੀ ਉਡੀਕ ਕਰ ਰਹੇ ਲੋਕਾਂ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਹਰਸ਼ਵਰਧਨ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਇਕ ਬੈਠਕ ਦੌਰਾਨ ਕਿਹਾ ਕਿ ਭਾਰਤ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਇਕ ਤੋਂ ਵਧੇਰੇ ਸਰੋਤਾਂ ਨਾਲ ਕੋਰੋਨਾ ਵਾਇਰਸ ਦਾ ਟੀਕਾ ਉਪਲੱਬਧ ਹੋਵੇਗਾ।
ਹਰਸ਼ਵਰਧਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਸਾਨੂੰ ਦੇਸ਼ ਵਿਚ ਇਕ ਤੋਂ ਵਧੇਰੇ ਸਰੋਤਾਂ ਤੋਂ ਟੀਕੇ ਉਪਲੱਬਧ ਹੋਣਗੇ। ਸਾਡੇ ਮਾਹਰ ਸਮੂਹ ਦੇਸ਼ ਵਿਚ ਵੈਕਸੀਨ ਦੀ ਵੰਡ ਨੂੰ ਕਿਵੇਂ ਸ਼ੁਰੂ ਕਰਨਗੇ, ਇਸ ਦੀ ਯੋਜਨਾ ਬਣਾਉਣ ਲਈ ਰਣਨੀਤੀ ਤਿਆਰ ਕਰ ਰਹੇ ਹਨ। ਦੱਸ ਦੇਈਏ ਕਿ ਹਾਲ 'ਚ ਸਿਹਤ ਮੰਤਰੀ ਨੇ ਕਿਹਾ ਸੀ ਕਿ 2021 ਦੀ ਪਹਿਲੀ ਤਿਮਾਹੀ ਤੱਕ ਸਾਡੇ ਕੋਲ ਕੋਰੋਨਾ ਵੈਕਸੀਨ ਉਪਲੱਬਧ ਹੋਣ ਦੀ ਸੰਭਾਵਨਾ ਹੈ। ਭਾਰਤ ਵਿਚ ਮੌਜੂਦਾ ਸਮੇਂ ਵਿਚ ਪਰੀਖਣ 'ਚ ਕੋਵਿਡ-19 ਟੀਕੇ 2 ਖੁਰਾਕ ਅਤੇ 3 ਖੁਰਾਕ ਟੀਕੇ ਹਨ।
ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੇਕ ਵਲੋਂ ਵੈਕਸੀਨ ਲਈ 2 ਖੁਰਾਕ ਦੀ ਲੋੜ ਹੁੰਦੀ ਹੈ, ਜਦਕਿ ਕੈਡਿਲਾ ਹੈਲਥਕੇਅਰ ਵੈਕਸੀਨ ਲਈ 3 ਖੁਰਾਕ ਦੀ ਲੋੜ ਹੁੰਦੀ ਹੈ। ਮੌਜੂਦਾ ਸਮੇਂ ਵਿਚ 2 ਦੇਸੀ ਰੂਪ ਨਾਲ ਵਿਕਸਿਤ ਵੈਕਸੀਨ 'ਚੋਂ ਇਕ ਆਈ. ਸੀ. ਐੱਮ. ਆਰ. ਨਾਲ ਭਾਰਤ ਬਾਇਓਟੇਕ ਵਲੋਂ ਅਤੇ ਦੂਜਾ ਜ਼ੈਡਿਸ ਕੈਡਿਲਾ ਲਿਮਟਿਡ ਵਲੋਂ ਮਨੁੱਖੀ ਪਰੀਖਣਾਂ ਦੇ ਪੜਾਅ ਦੂਜੇ ਵਿਚ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ, ਜਿਸ ਨੇ ਆਕਸਫੋਰਡ ਕੋਵਿਡ-19 ਵੈਕਸੀਨ ਨਿਰਮਾਣ ਲਈ ਐਸਟ੍ਰਾਜੈਨੇਕਾ ਨਾਲ ਸਾਂਝੇਦਾਰੀ ਕੀਤੀ ਹੈ।
ਦੱਸ ਦੇਈਏ ਕਿ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਅੰਦਰ 55,342 ਨਵੇਂ ਕੇਸ ਅਤੇ 706 ਮੌਤਾਂ ਨਾਲ ਭਾਰਤ 'ਚ ਕੋਰੋਨਾ ਕੇਸਾਂ ਦਾ ਅੰਕੜਾ 71,75,881 'ਤੇ ਪੁੱਜ ਗਿਆ ਹੈ, ਜਦਕਿ ਮਹਾਮਾਰੀ ਕਾਰਨ ਹੁਣ ਤੱਕ 1,09,856 ਲੋਕਾਂ ਦੀ ਮੌਤ ਹੋ ਚੁੱਕੀ ਹੈ।