ਕੇਂਦਰੀ ਮੰਤਰੀ ਮੰਡਲ ਦੀ ਬੈਠਕ ਕੱਲ੍ਹ, ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪਣਗੇ PM ਮੋਦੀ

Thursday, May 23, 2019 - 01:49 PM (IST)

ਕੇਂਦਰੀ ਮੰਤਰੀ ਮੰਡਲ ਦੀ ਬੈਠਕ ਕੱਲ੍ਹ, ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪਣਗੇ PM ਮੋਦੀ

ਨਵੀਂ ਦਿੱਲੀ — 17ਵੀਂ ਲੋਕ ਸਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ। ਕੇਂਦਰੀ ਮੰਤਰੀ ਮੰਡਲ ਦੀ ਇਸ ਬੈਠਕ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ ਕਰਨ ਲਈ ਮੰਤਰੀ ਮੰਡਲ ਦੇ ਅਸਤੀਫੇ ਦੇ ਬਾਰੇ ਫੈਸਲਾ ਲਿਆ ਜਾਵੇਗਾ। ਨਵੀਂ ਸਰਕਾਰ ਦੇ ਗਠਨ ਲਈ ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫਾ ਸੌਂਪਣਗੇ। ਮੌਜੂਦਾ ਲੋਕ ਸਭਾ ਦਾ ਕਾਰਜਕਾਲ ਤਿੰਨ ਜੂਨ ਨੂੰ ਖਤਮ ਹੋ ਰਿਹਾ ਹੈ। ਚੁਣਾਵੀਂ ਨਤੀਜਿਆਂ ਨੂੰ ਦੇਖਦੇ ਹੋਏ ਮੋਦੀ ਦੀ ਅਗਵਾਈ 'ਚ ਨਵੀਂ ਸਰਕਾਰ ਦੇ ਗਠਨ ਦੀ ਉਮੀਦ ਹੈ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ ਵਿਚ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਹੈ। 

ਸਿੰਘ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਰੁਝਾਨ ਨੂੰ ਦੇਖਦੇ ਹੋਏ ਟਵੀਟ ਕਰਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਲੋਕ ਸਭਾ ਚੋਣਾਂ 'ਚ ਭਾਜਪਾ, ਰਾਜਗ ਗਠਜੋੜ ਦੀ ਅਗਵਾਈ ਕਰਦੇ ਹੋਏ ਪ੍ਰਾਪਤ ਇਸ ਜਿੱਤ ਲਈ ਵਧਾਈ ਦਿੱਤੀ। ਸਿੰਘ ਨੇ ਕਿਹਾ ਕਿ ਮੋਦੀ ਜੀ ਦੇ ਚਮਤਕਾਰੀ, ਅਮਿਤ ਸ਼ਾਹ ਦੀ ਅਗਵਾਈ ਵਾਲੇ ਜ਼ਮੀਨੀ ਪੱਧਰ 'ਤੇ ਕਰੋੜਾਂ ਭਾਜਪਾ ਕਾਰਜਕਰਤਾਵਾਂ ਦੀ ਸਖਤ ਮਿਹਨਤ ਨਾਲ ਆਮ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਗਈ ਹੈ। ਚੋਣਾਂ ਦੇ ਆ ਰਹੇ ਰੁਝਾਨਾਂ ਅਨੁਸਾਰ ਲੋਕਸਭਾ ਦੀਆਂ ਕੁੱਲ 542 ਸੀਟਾਂ ਵਿਚੋਂ ਭਾਜਪਾ 292 ਸੀਟਾਂ 'ਤੇ ਅੱਗੇ ਚਲ ਰਹੀ ਹੈ। ਰਾਜਗ ਗਠਜੋੜ ਕੁੱਲ 324 ਸੀਟਾਂ ਨਾਲ ਅੱਗੇ ਚਲ ਰਿਹਾ ਹੈ। ਸਿੰਘ ਲਖਨਊ ਲੋਕ ਸਭਾ ਸੀਟ ਤੋਂ ਜਿੱਤ ਵੱਲ ਵਧ ਰਹੇ ਹਨ।


Related News