ਝਾਰਖੰਡ ’ਚ ਕਾਂਗਰਸ ਦੇ 2 ਵਿਧਾਇਕਾਂ ’ਤੇ ਛਾਪੇ, 100 ਕਰੋੜ ਦੀ ਅਣਐਲਾਨੀ ਜਾਇਦਾਦ ਦਾ ਖੁਲਾਸਾ

Wednesday, Nov 09, 2022 - 11:41 AM (IST)

ਨਵੀਂ ਦਿੱਲੀ (ਭਾਸ਼ਾ)– ਝਾਰਖੰਡ ਵਿਚ ਕਾਂਗਰਸ ਦੇ 2 ਵਿਧਾਇਕਾਂ, ਉਨ੍ਹਾਂ ਦੇ ਕਥਿਤ ਸਹਿਯੋਗੀਆਂ ਅਤੇ ਕੋਲਾ ਤੇ ਲੋਹ ਧਾਤੂ ਕਾਰੋਬਾਰਾਂ ਨਾਲ ਸੰਬੰਧਤ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ 100 ਕਰੋੜ ਰੁਪਏ ਤੋਂ ਵਧ ਦੇ ਬੇਹਿਸਾਬ ਨਾਲ ਲੈਣ-ਦੇਣ ਅਤੇ ਨਿਵੇਸ਼ ਦਾ ਪਤਾ ਲਾਇਆ ਹੈ। ਇਹ ਛਾਪੇਮਾਰੀ ਪਿਛਲੇ ਹਫਤੇ ਕੀਤੀ ਗਈ ਸੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਵਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ 4 ਨਵੰਬਰ ਨੂੰ ਸ਼ੁਰੂ ਕੀਤੀ ਗਈ ਛਾਪੇਮਾਰੀ ਦੌਰਾਨ ਝਾਰਖੰਡ ਦੇ ਰਾਂਚੀ, ਗੋਡਾ, ਬੇਰਮੋ, ਦੁਮਕਾ, ਜਮਸ਼ੇਦਪੁਰ ਅਤੇ ਚਾਈਬਾਸਾ, ਪਟਨਾ, ਗੁਰੂਗ੍ਰਾਮ ਅਤੇ ਕੋਲਕਾਤਾ ਵਿਚ ਕੁਲ 50 ਟਿਕਾਣਿਆਂ ’ਤੇ ਤਲਾਸ਼ੀ ਲਈ ਗਈ।

ਅਧਿਕਾਰੀਆਂ ਨੇ ਦੋਵਾਂ ਵਿਧਾਇਕਾਂ ਦੀ ਪਛਾਣ ਕੁਮਾਰ ਜੈਮੰਗਲ ਉਰਫ ਅਨੂਪ ਸਿੰਘ ਅਤੇ ਪ੍ਰਦੀਪ ਯਾਦਵ ਵਜੋਂ ਕੀਤੀ ਹੈ। ਬੇਰਮੋ ਸੀਟ ਤੋਂ ਵਿਧਾਇਕ ਜੈਮੰਗਲ ਨੇ ਵੀ ਉਸ ਦਿਨ ਆਪਣੇ ਰਾਂਚੀ ਸਥਿਤ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਛਾਪੇਮਾਰੀ ਕਰਨ ਵਾਲੀ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।

ਸੀ. ਬੀ. ਡੀ. ਟੀ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਲਾ ਵਪਾਰ/ਟਰਾਂਸਪੋਰਟ, ਸਿਵਲ ਕਰਾਰਾਂ ਦਾ ਨਿਪਟਾਰਾ, ਲੋਹ ਧਾਤੂ ਦੀ ਨਿਕਾਸੀ ਅਤੇ ਸਪੰਜ ਆਇਰਨ ਦੇ ਉਤਪਾਦਨ ਵਿਚ ਲੱਗੇ ਕੁਝ ਵਪਾਰਕ ਸਮੂਹਾਂ ਖਿਲਾਫ ਕਾਰਵਾਈ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿਚ ਸਿਆਸੀ ਰੂਪ ਵਿਚ ਉਜਾਗਰ 2 ਵਿਅਕਤੀ ਅਤੇ ਉਨ੍ਹਾਂ ਦੇ ਸਹਿਯੋਗੀ ਸ਼ਾਮਲ ਹਨ।


Rakesh

Content Editor

Related News