ਕਰਜ਼ ਵਾਪਸ ਕਰਨ ''ਚ ਅਸਮਰੱਥ ਨੌਜਵਾਨ ਨੂੰ ਦੋਪਹੀਆ ਵਾਹਨ ਨਾਲ ਬੰਨ੍ਹ ਕੇ 2 ਕਿਲੋਮੀਟਰ ਤੱਕ ਘਸੀਟਿਆ

Tuesday, Oct 18, 2022 - 01:15 PM (IST)

ਕਰਜ਼ ਵਾਪਸ ਕਰਨ ''ਚ ਅਸਮਰੱਥ ਨੌਜਵਾਨ ਨੂੰ ਦੋਪਹੀਆ ਵਾਹਨ ਨਾਲ ਬੰਨ੍ਹ ਕੇ 2 ਕਿਲੋਮੀਟਰ ਤੱਕ ਘਸੀਟਿਆ

ਕਟਕ (ਭਾਸ਼ਾ)- ਓਡੀਸ਼ਾ ਦੇ ਕਟਕ ਸ਼ਹਿਰ 'ਚ 1500 ਰੁਪਏ ਵਾਪਸ ਨਾ ਕਰ ਸਕਣ 'ਚ ਅਸਮਰੱਥ ਇਕ ਨੌਜਵਾਨ ਨੂੰ ਦੋਪਹੀਆ ਵਾਹਨ ਨਾਲ ਬੰਨ੍ਹ ਕੇ ਕਰੀਬ 2 ਕਿਲੋਮੀਟਰ ਤੱਕ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਸੋਮਵਾਰ ਨੂੰ ਕੀਤੀ ਗਈ, ਜਿਸ ਤੋਂ ਬਾਅਦ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਟਕ ਸ਼ਹਿਰ ਦੇ ਪੁਲਸ ਡਿਪਟੀ ਕਮਿਸ਼ਨਰ ਪਿਨਾਕ ਮਿਸ਼ਰਾ ਨੇ ਕਿਹਾ,''ਦੋਸ਼ੀਆਂ ਖ਼ਿਲਾਫ਼ ਗਲਤ ਤਰੀਕੇ ਨਾਲ ਬੰਧਕ ਬਣਾਉਣ, ਅਗਵਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।'' ਪੀੜਤ ਜਗਨਨਾਥ ਬੇਹਰਾ ਦੇ ਹੱਥ 12 ਫੁੱਟ ਲੰਮੀ ਰੱਸੀ ਨਾਲ ਬੰਨ੍ਹ ਦਿੱਤੇ ਗਏ ਅਤੇ ਉਸ ਦਾ ਦੂਜਾ ਸਿਰਾ ਦੋਪਹੀਆ ਵਾਹਨ ਨਾਲ ਬੰਨ੍ਹ ਦਿੱਤਾ ਗਿਆ। ਉਸ ਨੂੰ ਐਤਵਾਰ ਨੂੰ 'ਸਟੁਅਰਟ ਪਟਨਾ ਸਕਵਾਇਰ' ਤੋਂ ਕਰੀਬ 2 ਕਿਲੋਮੀਟਰ ਦੂਰ ਸਥਿਤ ਸੁਤਾਹਤ ਸਕਵਾਇਰ ਤੱਕ ਕਰੀਬ 20 ਮਿੰਟ ਤੱਕ ਦੌੜਾਇਆ ਗਿਆ। 

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਦੀ ਦਖ਼ਲਅੰਦਾਜੀ ਤੋਂ ਬਾਅਦ ਨੌਜਵਾਨ ਨੂੰ ਛੁਡਵਾਇਆ ਗਿਆ। ਨੌਜਵਾਨ ਨੇ ਆਪਣੇ ਦਾਦੇ ਦੇ ਅੰਤਿਮ ਸੰਸਕਾਰ ਲਈ ਪਿਛਲੇ ਮਹੀਨੇ ਦੋਸ਼ੀ ਤੋਂ 1500 ਰੁਪਏ ਉਧਾਰ ਲਏ ਸਨ ਪਰ ਕੀਤੇ ਗਏ ਵਾਅਦੇ ਦੇ ਅਧੀਨ ਉਹ ਉਸ ਨੂੰ 30 ਦਿਨਾਂ ਅੰਦਰ ਵਾਪਸ ਨਹੀਂ ਕਰ ਸਕਿਆ। ਇਸ ਤੋਂ ਬਾਅਦ ਉਸ ਨੂੰ ਸਜ਼ਾ ਦੇਣ ਲਈ ਦੋਸ਼ੀਆਂ ਨੇ ਇਹ ਹਰਕਤ ਕੀਤੀ। ਉਨ੍ਹਾਂ ਦੱਸਿਆ ਕਿ ਬੇਹਰਾ ਦੇ ਪੁਲਸ ਤੋਂ ਘਟਨਾ ਦੀ ਸ਼ਿਕਾਇਤ ਕਰਨ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇਘਟਨਾ 'ਚ ਇਸਤੇਮਾਲ ਦੋਪਹੀਆ ਵਾਹਨ ਵੀ ਜ਼ਬਤ ਕਰ ਲਿਆ ਹੈ। ਪੁਲਸ 2 ਕਿਲੋਮੀਟਰ ਦੇ ਦਾਇਰੇ 'ਚ ਤਾਇਨਾਤ ਸਾਰੇ ਟਰੈਫਿਕ ਕਾਂਸਟੇਬਲਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ ਕਿ ਆਖ਼ਰ ਉਨ੍ਹਾਂ ਨੇ ਮਾਮਲੇ 'ਚ ਦਖ਼ਲ ਕਿਉਂ ਨਹੀਂ ਦਿੱਤਾ।


author

DIsha

Content Editor

Related News