ਅਮਰੀਕਾ ਪਿੱਛੋਂ ਐਕਸ਼ਨ ''ਚ UK, 609 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫਤਾਰ, ਹੋਣਗੇ ਡਿਪੋਰਟ

Tuesday, Feb 11, 2025 - 05:14 PM (IST)

ਅਮਰੀਕਾ ਪਿੱਛੋਂ ਐਕਸ਼ਨ ''ਚ UK, 609 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫਤਾਰ, ਹੋਣਗੇ ਡਿਪੋਰਟ

ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਟਰੰਪ ਦੇ ਗੱਦੀ ਸੰਭਾਲਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਦੇਸ਼ ਨਿਕਾਲੇ ਦੀ ਗਾਜ਼ ਡਿੱਗੀ ਹੈ। ਬਹੁੱਤੇ ਗੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਤਾਂ ਅਮਰੀਕੀ ਪ੍ਰਸ਼ਾਸਨ ਵਲੋਂ ਰੋਜ਼ਾਨਾ ਛਾਪੇਮਾਰੀ ਕਰਕੇ ਉਨ੍ਹਾਂ ਦੀ ਫੜ੍ਹੋ-ਫੜ੍ਹੀ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆ ਦੇ ਨੌਜਵਾਨ ਵੀ ਸ਼ਾਮਲ ਹਨ। ਬੀਤੇ ਦਿਨੀਂ ਅਮਰੀਕਾ ਨੇ ਅਜਿਹੇ ਹੀ 105 ਨੌਜਵਾਨਾਂ ਨਾਲ ਭਰਿਆ ਆਪਣਾ ਫੌਜੀ ਜਹਾਜ਼ ਅੰਮ੍ਰਿਤਸਰ ਭੇਜਿਆ ਸੀ। 

ਇਸ ਸਭ ਦੇ ਵਿਚਕਾਰ ਹੁਣ ਖਬਰ ਬ੍ਰਿਟੇਨ ਤੋਂ ਵੀ ਸਾਹਮਣੇ ਆ ਰਹੀ ਹੈ। ਬ੍ਰਿਟੇਨ ਨੇ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖ਼ਤੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤਕ ਹਜ਼ਾਰਾਂ ਲੋਕਾਂ ਨੂੰ ਫੜ੍ਹ ਲਿਆ ਗਿਆ ਹੈ। ਜਿਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ। 

ਮਿਲੀ ਜਾਣਕਾਰੀ ਮੁਤਾਬਕ ਯੂਕੇ ਨੇ ਟਰੰਪ ਸਰਕਾਰ ਦੀ ਤਰਜ਼ ’ਤੇ ਹੁਣ ਤੱਕ ਗੈਰਕਾਨੂੰਨੀ ਪਰਵਾਸੀਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 16,400 ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਇਨ੍ਹਾਂ ਵਿਚ ਗੈਰਕਾਨੂੰਨੀ ਪਰਵਾਸੀਆਂ ਦੇ ਨਾਲ ਵਿਦੇਸ਼ੀ ਅਪਰਾਧੀ ਵੀ ਸ਼ਾਮਲ ਹਨ। ਯੂਕੇ ਸਰਕਾਰ ਨੇ ਮੁਲਕ ਵਿਚ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪਿਛਲੇ ਸਮੇਂ ਵਿਚ ਵੱਡੇ ਪੱਧਰ ਉਤੇ ਛਾਪੇ ਮਾਰੇ ਹਨ। ਯੂਕੇ ਪੁਲਸ ਨੇ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਵਿਚ ਭਾਰਤੀ ਰੈਸਟੋਰੈਂਟ, ਬਾਰਜ਼, ਸਟੋਰ ਤੇ ਕਾਰ ਵਾਸ਼ਿਜ਼ ਸ਼ਾਮਲ ਹਨ, ਕਿਉਂਕਿ ਬਹੁਤੇ ਪਰਵਾਸੀ ਕਾਮੇ ਇਥੇ ਹੀ ਕੰਮ ਕਰਦੇ ਹਨ।

ਇਸ ਸੰਬੰਧੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਕਰਦਿਆਂ ਗ੍ਰਹਿ ਮੰਤਰੀ ਯੈਵੇਟ ਕੂਪਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੀਆਂ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮਾਂ ਨੇ ਜਨਵਰੀ ਮਹੀਨੇ ਵਿਚ 828 ਟਿਕਾਣਿਆਂ ਉਤੇ ਛਾਪੇ ਮਾਰੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 48 ਫੀਸਦ ਵੱਧ ਹਨ। ਇਨ੍ਹਾਂ ਛਾਪਿਆਂ ਦੌਰਾਨ 609 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰੀ ਇੰਗਲੈਂਡ ਦੇ ਹੰਬਰਸਾਈਡ ਵਿਚ ਇਕ ਭਾਰਤੀ ਰੈਸਟੋਰੈਂਟ ’ਤੇ ਮਾਰੇ ਛਾਪੇ ਦੌਰਾਨ ਸੱਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਵਿੱਚੋਂ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦੇ ਅੰਕੜੇ ਵੀ ਜਾਰੀ ਕੀਤੇ ਹਨ। ਜੁਲਾਈ ਮਹੀਨੇ ਤੋਂ ਹੁਣ ਤੱਕ 3,930 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਹਿ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰੀਆਂ ਵਿੱਚ ਫੜੇ ਗਏ ਪਰਵਾਸੀਆਂ ਵਿੱਚੋਂ ਕਈਆਂ ਨੂੰ ਚਾਰਟਰਡ ਜਹਾਜ਼ਾਂ ਰਾਹੀਂ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਬ੍ਰਿਟਿਸ਼ ਗ੍ਰਹਿ ਵਿਭਾਗ ਮੁਤਾਬਕ ਹੁਣ ਤਕ ਬ੍ਰਿਟੇਨ ਵਿੱਚੋਂ 16,400 ਤੋਂ ਵੀ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ, ਇਹ ਗਿਣਤੀ ਹਾਲੇ ਹੋਰ ਵੀ ਵੱਧਣ ਦਾ ਖ਼ਦਸ਼ਾ ਹੈ। ਦੇਸ਼ ਅੰਦਰ ਲਗਾਤਾਰ ਛਾਪੇਮਾਰੀ ਹੋ ਰਹੀ ਹੈ। ਫੜ੍ਹੇ ਜਾਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਡਿਪੋਰਟ ਕਰ ਦਿੱਤਾ ਜਾਵੇਗਾ। 


author

DILSHER

Content Editor

Related News