''ਪੰਜਾਬ ''ਚ ਕਾਨੂੰਨ ਦੀ ਹਕੂਮਤ ਦੀ ਬਜਾਏ ਪੁਲਸ ਜ਼ਬਰ ਤੇ ਸਰਕਾਰੀ ਦਹਿਸ਼ਤ ਦਾ ਮਾਹੌਲ''

Saturday, Feb 28, 2026 - 10:22 PM (IST)

''ਪੰਜਾਬ ''ਚ ਕਾਨੂੰਨ ਦੀ ਹਕੂਮਤ ਦੀ ਬਜਾਏ ਪੁਲਸ ਜ਼ਬਰ ਤੇ ਸਰਕਾਰੀ ਦਹਿਸ਼ਤ ਦਾ ਮਾਹੌਲ''

ਲੰਡਨ (ਸਰਬਜੀਤ ਸਿੰਘ ਬਨੂੜ) - ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਪੰਜਾਬ ਪੁਲਸ ਵੱਲੋਂ ਨੌਜਵਾਨ ਰਣਜੀਤ ਸਿੰਘ ਨੂੰ ਕਥਿਤ ਝੂਠੇ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਫੈਡਰੇਸ਼ਨ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਸਿੱਖ ਪਰਿਵਾਰਾਂ ਦੇ ਨੌਜਵਾਨ ਪੁੱਤਰਾਂ ਨੂੰ ਗੈਂਗਸਟਰ, ਨਸ਼ਾ ਤਸਕਰ ਜਾਂ ਖਾੜਕੂਵਾਦ ਵਰਗੇ ਲੇਬਲਾਂ ਹੇਠ ਨਿਸ਼ਾਨਾ ਬਣਾਉਣਾ ਬਹੁਤ ਹੀ ਚਿੰਤਾਜਨਕ ਰੁਝਾਨ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ ਦੀ ਹਕੂਮਤ ਦੀ ਬਜਾਏ ਪੁਲਸ ਜ਼ਬਰ ਅਤੇ ਸਰਕਾਰੀ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

ਫੈਡਰੇਸ਼ਨ ਨੇ ਕਿਹਾ ਕਿ ਜੇਕਰ ਕਿਸੇ ਉੱਤੇ ਦੋਸ਼ ਹਨ ਤਾਂ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕਈ ਨੌਜਵਾਨਾਂ ਨੂੰ ਪੁਲਸ ਹਿਰਾਸਤ ਜਾਂ ਮੁਕਾਬਲਿਆਂ ਦੌਰਾਨ ਮਾਰੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਚਿੰਤਾ ਵਧੀ ਹੈ।

ਉਨ੍ਹਾਂ ਕਿਹਾ ਕਿ ਹਰ ਵਾਰ ਪੁਲਸ ਵੱਲੋਂ “ਜਵਾਬੀ ਫਾਇਰਿੰਗ” ਦੀ ਦਲੀਲ ਦਿੱਤੀ ਜਾਂਦੀ ਹੈ, ਪਰ ਸਮਾਜ ਦੇ ਵੱਡੇ ਹਿੱਸੇ ਵਿੱਚ ਇਨ੍ਹਾਂ ਦਾਵਿਆਂ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ। ਫੈਡਰੇਸ਼ਨ ਨੇ ਦੋਸ਼ ਲਗਾਇਆ ਕਿ ਸਿੱਖ ਨੌਜਵਾਨਾਂ ਨੂੰ ਵਿਦੇਸ਼ੀ ਏਜੰਸੀਆਂ ਨਾਲ ਜੋੜ ਕੇ ਪੇਸ਼ ਕਰਨਾ ਇੱਕ ਪੁਰਾਣਾ ਤਰੀਕਾ ਬਣ ਗਿਆ ਹੈ।

ਜਥੇਬੰਦੀ ਦੇ ਅਨੁਸਾਰ ਸਿੱਖ ਨੌਜਵਾਨੀ ਦੀ ਸੁਰੱਖਿਆ ਅਤੇ ਅਧਿਕਾਰਾਂ ਦੀ ਰੱਖਿਆ ਲਈ ਰਾਜਨੀਤਿਕ ਹੱਲ ਲਾਜ਼ਮੀ ਹੈ ਅਤੇ ਉਨ੍ਹਾਂ ਦੇ ਮੁਤਾਬਕ ਖਾਲਿਸਤਾਨ ਦੀ ਸਥਾਪਨਾ ਨਾਲ ਹੀ ਸਥਾਈ ਸੁਰੱਖਿਆ ਯਕੀਨੀ ਬਣ ਸਕਦੀ ਹੈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਰਣਜੀਤ ਸਿੰਘ ਲਈ ਇਨਸਾਫ ਦੀ ਮੰਗ ਲਈ ਹੋ ਰਹੇ ਸੰਘਰਸ਼ਾਂ ਦਾ ਹਿੱਸਾ ਬਣਨ ਅਤੇ ਮਿ੍ਰਤਕ ਰਣਜੀਤ ਸਿੰਘ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਗਈ ਅਤੇ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਹੈ।


author

Inder Prajapati

Content Editor

Related News