ਬਾਗੀਆਂ ’ਤੇ ਸ਼ਿਵ ਸੈਨਾ ਸਖ਼ਤ, ਊਧਵ ਆਰ-ਪਾਰ ਦੇ ਮੂਡ ’ਚ

06/26/2022 9:37:30 AM

ਮੁੰਬਈ/ਗੁਹਾਟੀ- ਮਹਾਰਾਸ਼ਟਰ ’ਚ ਸਿਆਸੀ ਉੱਥਲ-ਪੁੱਥਲ ਦੇ 5ਵੇਂ ਦਿਨ ਸ਼ਿਵ ਸੈਨਾ ਨੇ ਸਖ਼ਤ ਰੁਖ਼ ਅਪਣਾ ਲਿਆ ਹੈ। ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਨੇ ਮੀਟਿੰਗ ’ਚ 6 ਮਤੇ ਪਾਸ ਕੀਤੇ। ਸ਼ਿਵ ਸੈਨਾ ਦੀ ਉੱਚ ਪੱਧਰੀ ਮੀਟਿੰਗ ’ਚ ਸੀ. ਐੱਮ. ਊਧਵ ਠਾਕਰੇ ਨੇ ਬਾਗੀ ਸ਼ਿੰਦੇ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸ਼ਿੰਦੇ ਪਹਿਲਾਂ ਨਾਥ ਸੀ ਪਰ ਹੁਣ ਉਹ ਦਾਸ ਹੋ ਗਏ ਹਨ।

ਊਧਵ ਨੇ ਅੱਗੇ ਕਿਹਾ ਕਿ ਸੁਲਗਦੇ ਬੰਬ ’ਤੇ ਬਾਗੀ ਬੈਠੇ ਹੋਏ ਹਨ। ਬਾਲਾ ਸਾਹਿਬ ਦਾ ਨਾਂ ਲੈ ਕੇ ਕੋਈ ਰਾਜਨੀਤੀ ਨਹੀਂ ਕਰ ਸਕੇਗਾ। ਸ਼ਿਵ ਸੈਨਾ ਨੇ ਕਿਹਾ ਕਿ ਉਹ ਬਾਗ਼ੀ ਵਿਧਾਇਕਾਂ ਵੱਲੋਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨਾਂ ਨਾਲ ਨਵਾਂ ਧੜਾ ਬਣਾਉਣ ਦੇ ਐਲਾਨ ਦੇ ਖ਼ਿਲਾਫ਼ ਚੋਣ ਕਮਿਸ਼ਨ ਕੋਲ ਜਾਣਗੇ। ਊਧਵ ਨੇ ਕਿਹਾ ਕਿ ਜੇਕਰ ਸ਼ਿੰਦੇ ’ਚ ਦਮ ਹੈ ਤਾਂ ਆਪਣੇ ਪਿਤਾ ਦੇ ਨਾਂ ’ਤੇ ਵੋਟ ਮੰਗ ਕੇ ਵਿਖਾਉਣ। ਹੁਣ ਤੱਕ ਉਨ੍ਹਾਂ ਨੂੰ ਸ਼ਿਵ ਸੈਨਾ ਅਤੇ ਬਾਲਾ ਸਾਹਿਬ ਠਾਕਰੇ ਦੇ ਨਾਂ ’ਤੇ ਵੋਟਾਂ ਮਿਲੀਆਂ ਹਨ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਹਿੰਦੂਤਵ ਦੀ ਵਿਚਾਰਧਾਰਾ ਦੀ ਪਾਲਣਾ ਕਰੇਗੀ ਅਤੇ ਸੰਯੁਕਤ ਮਹਾਰਾਸ਼ਟਰ ਦੀ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ।

ਰਾਊਤ ਬੋਲੇ- ਸ਼ਿਵ ਸੈਨਾ ਅੱਗ ਹੈ, ਅੱਗ ਨਾਲ ਨਾ ਖੇਡੋ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਸ਼ਿਵ ਸੈਨਾ ਅੱਗ ਹੈ, ਅੱਗ ਨਾਲ ਨਾ ਖੇਡੋ। ਅਸੀਂ ਚੁੱਪ ਹਾਂ, ਇਸ ਦਾ ਮਤਲਬ ਨਾਮਰਦ ਨਹੀਂ ਹਾਂ। ਸ਼ਿਵ ਸੈਨਿਕ ਭੜਕੇ ਤਾਂ ਸਭ ਕੁਝ ਸੜ ਜਾਵੇਗਾ। ਲੋਕਾਂ ’ਚ ਗੁੱਸਾ ਹੈ ਅਤੇ ਗੁਹਾਟੀ ’ਚ ਬੈਠੇ ਲੋਕਾਂ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਹੈ। ਉਨ੍ਹਾਂ ਬਾਗੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਵੋਟਾਂ ਮੰਗਣੀਆਂ ਹਨ ਤਾਂ ਆਪਣੇ ਪਿਤਾ ਦੇ ਨਾਂ ’ਤੇ ਮੰਗੋ, ਸ਼ਿਵ ਸੈਨਾ ਦੇ ਪਿਤਾ ਦੇ ਨਾਂ ਦੀ ਵਰਤੋਂ ਨਾ ਕਰੋ।

ਇਸ ਦੌਰਾਨ, ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜਿਰਵਾਲ ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਵਿਰੁੱਧ ਬੇਭਰੋਸਗੀ ਮਤੇ ਦੇ ਨੋਟਿਸ ਨੂੰ ਸ਼ਨੀਵਾਰ ਨੂੰ ਖਾਰਜ ਕਰ ਦਿੱਤਾ। ਇਹ ਨੋਟਿਸ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਅਤੇ ਉਨ੍ਹਾਂ ਦੇ ਨੇਤਾ ਏਕਨਾਥ ਸ਼ਿੰਦੇ ਨੇ ਭੇਜਿਆ ਸੀ। ਡਿਪਟੀ ਸਪੀਕਰ ਦਫ਼ਤਰ ਵੱਲੋਂ ਕਿਹਾ ਗਿਆ ਕਿ ਵਿਧਾਇਕਾਂ ਨੇ ਈ-ਮੇਲ ਰਾਹੀਂ ਬੇਭਰੋਸਗੀ ਮਤਾ ਭੇਜਿਆ ਸੀ, ਜੋ ਸਹੀ ਨਹੀਂ ਹੈ, ਇਸ ਲਈ ਇਸ ਨੂੰ ਰੱਦ ਕੀਤਾ ਜਾਂਦਾ ਹੈ।

16 ਬਾਗੀ ਵਿਧਾਇਕਾਂ ਨੂੰ ਨੋਟਿਸ
ਸ਼ਿਵ ਸੈਨਾ ਵੱਲੋਂ ਬਾਗੀ ਵਿਧਾਇਕਾਂ ਦੀ ਡਿਪਟੀ ਸਪੀਕਰ ਨੇ ਏਕਨਾਥ ਸ਼ਿੰਦੇ ਸਮੇਤ ਸਾਰੇ ਬਾਗੀ 16 ਵਿਧਾਇਕਾਂ ਨੂੰ ਨੋਟਿਸ ਭੇਜ ਕੇ 27 ਜੂਨ ਇਸ ਨੋਟਿਸ ਦਾ ਜਵਾਬ ਮੰਗਿਆ ਹੈ। ਜੇ ਉਹ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਪੇਸ਼ ਹੋਣਾ ਪਵੇਗਾ। ਨੋਟਿਸ ’ਚ ਕਿਹਾ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇ। ਅਸਲ ’ਚ ਸ਼ਿਵ ਸੈਨਾ ਨੇ 16 ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਸ਼ੁੱਕਰਵਾਰ ਨੂੰ ਅਰਜ਼ੀ ਦਿਤੀ ਸੀ।

ਸ਼ਿਵ ਸੈਨਾ ਦੀ ਰਾਸ਼ਟਰੀ ਕਾਰਜਕਾਰਨੀ ਨੇ ਇਹ ਮਤੇ ਪਾਸ ਕੀਤੇ
1) ਸ਼ਿਵ ਸੈਨਾ ਬਾਲਾ ਸਾਹਿਬ ਦੀ ਹੈ ਅਤੇ ਰਹੇਗੀ ਅਤੇ ਕਿਸੇ ਨੂੰ ਵੀ ਬਾਲਾ ਸਾਹਿਬ ਦੇ ਨਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ।
2) ਬਾਗੀ ਧੜੇ ਦੇ ਨੇਤਾ ਏਕਨਾਥ ਸ਼ਿੰਦੇ ਤੋਂ ਸ਼ਿਵ ਸੈਨਾ ’ਚੋਂ ਨੇਤਾ ਦਾ ਅਹੁਦਾ ਖੋਹ ਲਿਆ ਜਾਵੇ।
3) ਬਾਗੀ ਵਿਧਾਇਕਾਂ ’ਤੇ ਕਾਰਵਾਈ ਕਰਨ ਦਾ ਅਧਿਕਾਰ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਦਿੱਤਾ ਗਿਆ।
4) ਮਰਾਠੀ ਅਣਖ ਅਤੇ ਹਿੰਦੂਤਵ ਦੇ ਮੁੱਦੇ ’ਤੇ ਅੱਗੇ ਸ਼ਿਵ ਸੈਨਾ ਹੋਰ ਹਮਲਾਵਰ ਰਵੱਈਆ ਅਪਣਾਏਗੀ।
5) ਕੋਰੋਨਾ ਕਾਲ ’ਚ ਊਧਵ ਠਾਕਰੇ ਦੇ ਕੀਤੇ ਕੰਮਾਂ ਅਤੇ ਧਾਰਾਵੀ ਮਾਡਲ ਦੀ ਸ਼ਲਾਘਾ ਨੂੰ ਲੈ ਕੇ ਧੰਨਵਾਦ ਪੇਸ਼ ਕੀਤਾ ਗਿਆ।
6) ਮੁੰਬਈ ਮਹਾਨਗਰਪਾਲਿਕਾ ਦੀਆਂ ਚੋਣਾਂ ’ਚ ਫਿਰ ਤੋਂ ਸ਼ਿਵ ਸੈਨਾ ਦੀ ਜਿੱਤ ਦਾ ਸੰਕਲਪ ਲਿਆ ਗਿਆ।


Tanu

Content Editor

Related News