ਫੜਨਵੀਸ ’ਤੇ ਭੜਕੇ ਊਧਵ ਠਾਕਰੇ, ਕਿਹਾ- ਅਸੀਂ ਜੰਗਾਲ ਲੱਗੀ ਤਲਵਾਰ ਨਹੀਂ, ਹੁਣ ਤੁਸੀਂ ਰਹੋਗੇ ਜਾਂ ਮੈਂ

Thursday, Aug 01, 2024 - 01:45 PM (IST)

ਮੁੰਬਈ- ਮਹਾਰਾਸ਼ਟਰ ਵਿਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲੇ ’ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਫੜਨਵੀਸ ਨੇ ਜਾਣਬੁੱਝ ਕੇ ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਮੰਤਰੀ ਆਦਿਤਿਆ ਠਾਕਰੇ ਨੂੰ ਫਸਾਉਣ ਦੀ ਚਾਲ ਖੇਡੀ ਸੀ।

ਬੁੱਧਵਾਰ ਨੂੰ ਮੁੰਬਈ ਦੇ ਰੰਗਸ਼ਾਰਦਾ ਆਡੀਟੋਰੀਅਮ ’ਚ ਹੋਈ ਸ਼ਿਵ ਸੈਨਾ ਦੇ ਅਹੁਦੇਦਾਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਠਾਕਰੇ ਨੇ ਕਿਹਾ ਕਿ ਅਨਿਲ ਦੇਸ਼ਮੁਖ ਨੇ ਮੈਨੂੰ ਦੱਸਿਆ ਹੈ ਕਿ ਦੇਵੇਂਦਰ ਫੜਨਵੀਸ ਆਦਿਤਿਆ ਨੂੰ ਜੇਲ ’ਚ ਸੁੱਟਣ ਦੀ ਸਾਜ਼ਿਸ਼ ਰਚ ਰਹੇ ਸਨ। ਇਕੱਠ ਵਿਚ ਮੰਚ ਤੋਂ ਉਪ ਮੁੱਖ ਮੰਤਰੀ ਫੜਨਵੀਸ ’ਤੇ ਹਮਲਾ ਬੋਲਦੇ ਅਤੇ ਚਿਤਾਵਨੀ ਦਿੰਦੇ ਹੋਏ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਹੁਣ ਜਾਂ ਤਾਂ ਤੁਸੀਂ ਰਹੋਗੇ ਜਾਂ ਮੈਂ। ਉਨ੍ਹਾਂ ਕਿਹਾ ਕਿ ਅਸੀਂ ਜੰਗਾਲ ਲੱਗੀ ਤਲਵਾਰ ਨਹੀਂ ਹਾਂ, ਸਗੋਂ ਸ਼ਿਵ ਸੈਨਾ ਇਕ ਤਿੱਖੀ ਤਲਵਾਰ ਹੈ। ਸਾਨੂੰ ਜਿਵੇਂ ਲੜਨਾ ਪਵੇਗਾ, ਲੜਾਂਗੇ। ਉਨ੍ਹਾਂ ਨੇ ਦੇਵੇਂਦਰ ਫੜਨਵੀਸ ਦੇ ਖਿਲਾਫ ਇਸ ਵਾਰ ਆਰ ਜਾਂ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ।

PM ਮੋਦੀ ਨੂੰ ਵੀ ਦਿੱਤੀ ਮਹਾਰਾਸ਼ਟਰ ’ਚ ਚੋਣ ਪ੍ਰਚਾਰ ਦੀ ਚੁਣੌਤੀ

ਸ਼ਿਵ ਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਊਧਵ ਠਾਕਰੇ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਕ ਵਿਚ ਪ੍ਰਚਾਰ ਕਰਨ ਲਈ ਸੂਬੇ ਦਾ ਦੌਰਾ ਕਰਨ ਦੀ ਚੁਣੌਤੀ ਦਿੱਤੀ ਹੈ। ਊਧਵ ਨੇ ਵਿਰੋਧੀ ਧਿਰ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਦੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਲ ਹੀ ’ਚ ਸੰਪੰਨ ਹੋਈਆਂ ਆਮ ਚੋਣਾਂ ’ਚ ਮੋਦੀ ਨੂੰ ਮਹਾਰਾਸ਼ਟਰ ’ਚ ਪਸੀਨਾ ਵਹਾਉਣਾ ਪਿਆ। ਐੱਮ. ਵੀ. ਏ. ’ਚ ਸ਼ਿਵ ਸੈਨਾ (ਯੂ. ਬੀ. ਟੀ.) ਤੋਂ ਇਲਾਵਾ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਅਤੇ ਸਹਿਯੋਗੀ ਹਨ। ਉਨ੍ਹਾਂ ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੂੰ ਵਿਧਾਨ ਸਭਾ ਚੋਣਾਂ ਲਈ ਮਹਾਰਾਸ਼ਟਰ ਜ਼ਰੂਰ ਆਉਣਾ ਚਾਹੀਦਾ ਹੈ।


Tanu

Content Editor

Related News