ਭਾਜਪਾ ਉਮੀਦਵਾਰ ਦੇ ਕਾਫ਼ਲੇ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ
Wednesday, May 29, 2024 - 05:48 PM (IST)
ਨਵੀਂ ਦਿੱਲੀ (ਭਾਸ਼ਾ)- ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਪੁੱਤ ਅਤੇ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫ਼ਲੇ ਦੇ ਇਕ ਵਾਹਨ ਵਲੋਂ ਟੱਕਰ ਲੱਗਣ ਕਾਰਨ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਘਟਨਾ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਰਸਤਾ ਜਾਮ ਕਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਮੌਕੇ 'ਤੇ ਚਾਰ ਥਾਣਿਆਂ ਦੀ ਪੁਲਸ ਤਾਇਨਾਤ ਕੀਤੀ ਗਈ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਕੈਸਰਗੰਜ ਤੋਂ ਭਾਜਪਾ ਦੇ ਬਾਹੁਬਲੀ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਪੁੱਤ ਅਤੇ ਇਸ ਸੀਟ ਤੋਂ ਮੌਜੂਦਾ ਭਾਜਪਾ ਉਮੀਦਵਾਰ ਕਰਨ ਭੂਸ਼ਣ ਆਪਣੇ ਕਾਫ਼ਲੇ ਨਾਲ ਕਰਨਲਗੰਜ ਤੋਂ ਬਹਿਰਾਈਚ ਜ਼ਿਲ੍ਹੇ ਦੇ ਹੁਜੂਰਪੁਰ ਵੱਲ ਜਾ ਰਹੇ ਸਨ। ਰਸਤੇ 'ਚ ਬੈਕੁੰਠ ਡਿਗਰੀ ਕਾਲਜ ਕੋਲ ਕਾਫ਼ਲੇ 'ਚ ਸਭ ਤੋਂ ਅੱਗੇ ਚੱਲ ਰਹੇ ਕਰਨ ਭੂਸ਼ਣ ਸਿੰਘ ਦੇ ਵਾਹਨ ਦੇ ਨਿਕਲਣ ਤੋਂ ਬਾਅਦ ਸੁਰੱਖਿਆ ਕਰਮੀਆਂ ਨੂੰ ਲੈ ਕੇ ਚੱਲ ਰਹੀ ਇਕ ਕਾਰ ਬੇਕਾਬੂ ਹੋ ਗਈ ਅਤੇ ਉਸ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਰੇਹਾਨ ਖਾਨ (17) ਅਤੇ ਸ਼ਹਿਜਾਦ ਖਾਨ (24) ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ 'ਚ 60 ਸਾਲਾ ਔਰਤ ਸੀਤਾ ਦੇਵੀ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਉਸ ਨੂੰ ਮੈਡੀਕਲ ਕਾਲਜ ਭੇਜਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰ ਸਵਾਰ ਲੋਕ ਆਪਣਾ ਵਾਹਨ ਮੌਕੇ 'ਤੇ ਹੀ ਛੱਡ ਕੇ ਕਾਫ਼ਲੇ ਦੇ ਹੋਰ ਵਾਹਨਾਂ 'ਚ ਸਵਾਰ ਹੋ ਕੇ ਚਲੇ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਤਣਾਅ ਦੇ ਹਾਲਾਤ ਪੈਦਾ ਹੋ ਗਏ। ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਰਨਲਗੰਜ-ਹੁਜੂਰਪੁਰ ਮਾਰਗ 'ਤੇ ਰਸਤਾ ਜਾਮ ਕਰ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਣ ਤੱਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਾ ਲਿਜਾਉਣ ਦੀ ਜਿੱਦ 'ਤੇ ਅੜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨਾਰਾਜ਼ ਲੋਕਾਂ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਜਾਮ ਖੁੱਲ੍ਹਿਆ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8