ਭਾਰਤ-ਪਾਕਿ ਸਰਹੱਦ ਨੇੜੇ BSF ਨੇ ਫੜੇ 2 ਪਾਕਿਸਤਾਨੀ ਮਛੇਰੇ

06/25/2022 10:32:35 AM

ਅਹਿਮਦਾਬਾਦ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਰਾਮੀ ਨਾਲਾ ਕਰੀਕ ਖੇਤਰ ਤੋਂ ਦੋ ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਇਕ ਬਿਆਨ 'ਚ ਕਿਹਾ ਕਿ ਦੋਹਾਂ ਪਾਕਿਸਤਾਨੀ ਮਛੇਰਿਆਂ ਨੂੰ ਥੋੜ੍ਹੇ ਸਮੇਂ ਦਾ ਪਿੱਛਾ ਕਰਨ ਤੋਂ ਬਾਅਦ ਫੜ ਲਿਆ ਗਿਆ। ਹਾਲਾਂਕਿ, ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਗਿੱਟੇ 'ਚ ਗੋਲੀ ਲੱਗੀ ਸੀ। ਬੀ.ਐੱਸ.ਐੱਫ. ਨੇ ਕਿਹਾ,"23 ਜੂਨ 2022 ਨੂੰ ਸ਼ੁਰੂ ਹੋਈ ਇਕ ਤਲਾਸ਼ੀ ਮੁਹਿੰਮ 'ਚ ਬੀ.ਐੱਸ.ਐੱਫ. ਭੁਜ ਨੇ ਸ਼ਨੀਵਾਰ ਨੂੰ ਹਰਾਮੀ ਨਾਲਾ ਖੇਤਰ ਤੋਂ 2 ਪਾਕਿਸਤਾਨੀ ਮਛੇਰਿਆਂ ਨੂੰ ਫੜਿਆ। ਦੋਹਾਂ ਨੂੰ ਪਾਕਿਸਤਾਨ ਵੱਲ ਦੌੜਨ ਦੀ ਕੋਸ਼ਿਸ਼ ਕਰਦੇ ਹੋਏ ਗਿੱਟੇ 'ਚ ਗੋਲੀ ਲੱਗ ਗਈ।''

ਬੀ.ਐੱਸ.ਐੱਫ. ਦੇ ਗਸ਼ਤੀ ਦਲ ਨੇ ਵੀਰਵਾਰ ਨੂੰ ਗਸ਼ਤ ਦੌਰਾਨ ਹਰਾਮੀ ਨਾਲਾ ਇਲਾਕੇ 'ਚ ਮੱਛੀ ਫੜਨ ਵਾਲੀਆਂ ਪਾਕਿਸਤਾਨੀ ਕਿਸ਼ਤੀਆਂ ਦੀ ਆਵਾਜਾਈ ਦੇਖੀ। ਬਿਆਨ 'ਚ ਕਿਹਾ ਗਿਆ ਹੈ,''ਗਸ਼ਤੀ ਦਲ ਤੁਰੰਤ ਮੌਕੇ 'ਤੇ ਪਹੁੰਚਿਆ ਅਤੇ ਹਰਾਮੀ ਨਾਲਾ ਖੇਤਰ ਦੇ ਵੱਖ-ਵੱਖ ਥਾਂਵਾਂ ਤੋਂ ਮੱਛੀ ਫੜਨ ਵਾਲੀਆਂ 9 ਪਾਕਿਸਤਾਨੀ ਕਿਸ਼ਤੀਆਂ ਨੂੰ ਜਸ਼ਤ ਕਰ ਲਿਆ।'' ਬਿਆਨ ਅਨੁਸਾਰ, ਪਾਕਿਸਤਾਨੀ ਮਛੇਰਿਆਂ ਨੇ ਦੌੜਨ ਦੀ ਕੋਸ਼ਿਸ਼ ਕੀਤੀ, ਜੋ 300 ਵਰਗ ਕਿਲੋਮੀਟਰ ਤੋਂ ਵੱਧ ਦੇ ਖੇਤਰ 'ਚ ਫੈਲੇ ਇਲਾਕੇ 'ਚ ਲੁਕੇ ਹੋਏ ਸਨ। ਬੀ.ਐੱਸ.ਐੱਫ. ਨੇ ਤਲਾਸ਼ੀ ਮੁਹਿੰਮ ਜਾਰੀ ਰੱਖਿਆ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਗੁਆਂਢੀ ਦੇਸ਼ ਵੱਲ ਦੌੜਨ ਦੇ ਸਾਰੇ ਸੰਭਾਵਿਤ ਰਸਤਿਆਂ ਨੂੰ ਬੰਦ ਕਰ ਦਿੱਤਾ। ਬਿਆਨ ਅਨੁਸਾਰ, ਗਸ਼ਤੀ ਦਲ ਨੇ ਦੌੜ ਰਹੇ ਪਾਕਿਸਤਾਨੀ ਮਛੇਰਿਆਂ ਨੂੰ ਚਿਤਾਵਨੀ ਦਿੱਤੀ ਪਰ ਜਦੋਂ ਉਹ ਨਹੀਂ ਰੁਕੇ ਤਾਂ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਦੋਹਾਂ ਨੂੰ ਫੜਨ ਲਈ ਗੋਲੀਆਂ ਚਲਾਉਣੀਆਂ ਪਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਮਛੇਰਿਆਂ ਨੂੰ ਗਿੱਟੇ 'ਚ ਗੋਲੀ ਲੱਗੀ, ਜਿਸ ਤੋਂ ਬਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਬੀ.ਐੱਸ.ਐੱਫ. ਅਨੁਸਾਰ, ਇਨ੍ਹਾਂ ਮਛੇਰਿਆਂ ਦੀ ਪਛਾਣ ਪਾਕਿਸਤਾਨ ਦੇ ਜ਼ੀਰੋ ਪੁਆਇੰਟ ਪਿੰਡ ਦੇ ਰਹਿਣ ਵਾਲੇ ਸਦਾਮ ਹੁਸੈਨ (20) ਅਤੇ ਅਲੀ ਬਖ਼ਸ਼ (25) ਦੇ ਰੂਪ 'ਚ ਹੋਈ ਹੈ।


DIsha

Content Editor

Related News