ਛੱਤੀਸਗੜ੍ਹ : ਨਕਸਲੀ ਹਮਲੇ ’ਚ ITBP ਦੇ 2 ਜਵਾਨ ਸ਼ਹੀਦ
Friday, Aug 20, 2021 - 04:34 PM (IST)

ਨਾਰਾਇਪੁਰ (ਛੱਤੀਸਗੜ੍ਹ)- ਰਾਜ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ’ਚ ਨਕਸਲੀ ਹਮਲੇ ’ਚ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ 2 ਜਵਾਨ ਸ਼ਹੀਦ ਹੋ ਗਏ ਹਨ। ਨਾਰਾਇਣਪੁਰ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਛੋਟੇਡੋਂਗਰ ਥਾਣਾ ਖੇਤਰ ਦੇ ਅਧੀਨ ਆਈ.ਟੀ.ਬੀ.ਪੀ. ਦੇ ਕੜੇਮੇਟਾ ਕੈਂਪ ਦੇ ਕਰੀਬ ਮਾਓਵਾਦੀਆਂ ਨੇ ਸੁਰੱਖਿਆ ਕਰਮੀਆਂ ’ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ’ਚ ਸਹਾਇਕ ਸੈਨਾਨੀ ਸੁਧਾਕਰ ਸ਼ਿੰਦੇ ਅਤੇ ਸਹਾਇਕ ਸਬ ਇੰਸਪੈਕਟਰ ਗੁਰਮੁਖ ਸਿੰਘ ਸ਼ਹੀਦ ਹੋ ਗਏ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਲਗਭਗ 12.10 ਵਜੇ ਆਈ.ਟੀ.ਬੀ.ਪੀ. ਦੀ 45ਵੀਂ ਬਟਾਲੀਅਨ ਦੀ ਈ ਕੰਪਨੀ ਨੂੰ ਗਸ਼ਤ ’ਤੇ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦਲ ਦੇ ਜਵਾਨ ਜਦੋਂ ਕੈਂਪ ਤੋਂ 600 ਕਿਲੋਮੀਟਰ ਦੀ ਦੂਰੀ ’ਤੇ ਸਨ, ਉਦੋਂ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ’ਚ ਸ਼ਿੰਦੇ ਅਤੇ ਸਿੰਘ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਮਾਓਵਾਦੀ ਇਕ ਏ.ਕੇ.-47, 2 ਬੁਲੇਟ ਪਰੂਫ ਜੈਕੇਟ ਅਤੇ ਇਕ ਵਾਇਰਲੈੱਸ ਸੂਟ ਲੁੱਟ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਡੀਸ਼ਨਲ ਸੁਰੱਖਿਆ ਫ਼ੋਰਸਾਂ ਨੂੰ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਕੀਤਾ ਗਿਆ ਹੈ ਅਤੇ ਹਮਲਾਵਰ ਨਕਸਲੀਆਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ।