ਸਿਰਫ ਦੋ ਕੰਪਨੀਆਂ ਦੀ ਹੋਂਦ ਚੰਗੀ ਗੱਲ ਨਹੀਂ, ਹਰ ਖੇਤਰ ’ਚ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ : ਸਿੰਧੀਆ

Tuesday, Jun 24, 2025 - 10:15 PM (IST)

ਸਿਰਫ ਦੋ ਕੰਪਨੀਆਂ ਦੀ ਹੋਂਦ ਚੰਗੀ ਗੱਲ ਨਹੀਂ, ਹਰ ਖੇਤਰ ’ਚ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ : ਸਿੰਧੀਆ

ਨਵੀਂ ਦਿੱਲੀ -ਕੇਂਦਰੀ ਦੂਰਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ ਕਿ ਕਿਸੇ ਵੀ ਖੇਤਰ ’ਚ ਸਿਰਫ ਦੋ ਕੰਪਨੀਆਂ ਦੀ ਹੋਂਦ ਚੰਗੀ ਗੱਲ ਨਹੀਂ ਹੈ ਅਤੇ ਹਰ ਖੇਤਰ ’ਚ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ।‘ਬ੍ਰਾਡਬੈਂਡ ਇੰਡੀਆ ਫੋਰਮ’ ਦੇ ਇਕ ਪ੍ਰੋਗਰਾਮ ’ਚ ਮੰਤਰੀ ਨੇ ਕਿਹਾ ਕਿ ਦੇਸ਼ ’ਚ ਇੰਟਰਨੈੱਟ ਸੇਵਾਦਾਤਿਆਂ ਵਿਚਾਲੇ ਸਖ਼ਤ ਮੁਕਾਬਲੇਬਾਜ਼ੀ ਹੈ ਅਤੇ ਸਰਕਾਰ 15 ਅਗਸਤ ਤੋਂ ਪਹਿਲਾਂ 6 ਗੀਗਾਹਰਟਜ਼ ਸਪੈਕਟਰਮ ਨੂੰ ਲਾਇਸੰਸ ਮੁਕਤ ਕਰਨ ਦੇ ਨਿਯਮ ਜਾਰੀ ਕਰੇਗੀ। ਇਸ ਦੀ ਵਰਤੋਂ ਵਾਈ-ਫਾਈ ਸੇਵਾਵਾਂ ਅਤੇ ਡਿਜੀਟਲ ਪਾੜੇ ਨੂੰ ਘਟਾਉਣ ਲਈ ਕੀਤੀ ਜਾਵੇਗੀ।

ਸਿੰਧੀਆ ਨੇ ਕਿਹਾ, ‘‘ਸਾਡਾ ਕੰਮ ਜਿੰਨਾ ਸੰਭਵ ਹੋਵੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਾਉਣਾ ਹੈ ਅਤੇ ਹਰ ਇਕ ਖੇਤਰ ’ਚ ਸਖ਼ਤ ਮੁਕਾਬਲੇਬਾਜ਼ੀ ਸੰਭਵ ਕਰਾਉਣਾ ਹੈ। ਇਕ ਜਾਂ ਦੋ ਹਵਾਬਾਜ਼ੀ ਕੰਪਨੀਆਂ ਦੀ ਹੋਂਦ ਕਾਫੀ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰੋਗਰਾਮ ’ਚ ਦੂਰਸੰਚਾਰ ਰੈਗੂਲੇਟਰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਸਾਬਕਾ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ ਕਿ ਦੂਰਸੰਚਾਰ ਖੇਤਰ ’ਚ ਵੀ ਦੋ-ਪੱਖੀ ਦਬਦਬਾ ਹੈ ਅਤੇ ਸਿਰਫ ਦੋ ਸਰਗਰਮ ਸੇਵਾਦਾਤਾ ਹਨ ਅਤੇ ਖਪਤਕਾਰਾਂ ਨੂੰ ਸਸਤੀਆਂ ਦਰਾਂ ’ਤੇ ਬ੍ਰਾਡਬੈਂਡ ਪਹੁੰਚ ਮੁਹੱਈਆ ਕਰਾਉਣ ਲਈ ਹੋਰ ਜ਼ਿਆਦਾ ਬਦਲ ਮੁਹੱਈਆ ਕਰਾਉਣ ਦੀ ਲੋੜ ਹੈ। ਭਾਰਤੀ ਦੂਰਸੰਚਾਰ ਖੇਤਰ ’ਤੇ ਮੌਜੂਦਾ ਸਮੇਂ ’ਚ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਦਾ ਦਬਦਬਾ ਹੈ ਜੋ ਸਰਗਰਮ ਤੌਰ ’ਤੇ 4-ਜੀ ਅਤੇ 5-ਜੀ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ। ਕਰਜ਼ੇ ’ਚ ਡੁੱਬੀ ਵੋਡਾਫੋਨ ਆਈਡੀਆ ਨੇ ਸੁਪਰੀਮ ਕੋਰਟ ’ਚ ਦਾਖਲ ਪਟੀਸ਼ਨ ’ਚ ਆਪਣੀ ਹੋਂਦ ਨੂੰ ਲੈ ਕੇ ਖਦਸ਼ਾ ਜ਼ਾਹਿਰ ਕੀਤਾ ਹੈ। ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਅਜੇ ਤੱਕ ਦੇਸ਼ ’ਚ ਪੂਰਨ ਤੌਰ ’ਤੇ 4-ਜੀ ਅਤੇ 5-ਜੀ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ ਹਨ।


author

Hardeep Kumar

Content Editor

Related News