ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਦਾ ਵੱਡਾ ਬਿਆਨ; ਚੋਣਾਂ ਲਈ ਆਖ਼ੀ ਇਹ ਗੱਲ

Thursday, Oct 15, 2026 - 12:46 PM (IST)

ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਦਾ ਵੱਡਾ ਬਿਆਨ; ਚੋਣਾਂ ਲਈ ਆਖ਼ੀ ਇਹ ਗੱਲ

ਨਵੀਂ ਦਿੱਲੀ (ਭਾਸ਼ਾ): ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਏ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 'ਜੁਝਾਰੂ ਨੇਤਾ' ਕਰਾਰ ਦਿੰਦਿਆਂ ਕਿਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਪਾਇਲਟ ਨੇ ਇਕ ਇੰਟਰਵਿਊ ਦੌਰਾਨ ਵੜਿੰਗ ਨੂੰ ਬਹੁਤ ਹੀ ਊਰਜਾਵਾਨ ਅਤੇ ਮਿਹਨਤੀ ਨੌਜਵਾਨ ਨੇਤਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਚੁਣੌਤੀਪੂਰਨ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਇਆ। 

ਪਾਇਲਟ ਦੇ ਸੂਬਾ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣ ਦੇ ਕੁਝ ਦਿਨਾਂ ਬਾਅਦ ਹੀ ਵੜਿੰਗ ਦੀ ਜਗ੍ਹਾ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਇਸ ਬਾਰੇ ਪਾਇਲਟ ਨੇ ਕਿਹਾ ਕਿ ਵੜਿੰਗ ਨੇ ਸੰਗਠਨ ਲਈ ਸਖ਼ਤ ਮਿਹਨਤ ਕੀਤੀ, ਪਰ ਸਮੇਂ-ਸਮੇਂ 'ਤੇ ਸੰਗਠਨ ਵਿਚ ਬਦਲਾਅ ਜ਼ਰੂਰੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕਾਂਗਰਸ ਕੋਲ ਸਿਰਫ਼ 15-16 ਵਿਧਾਇਕ ਸਨ, ਉਸ ਚੁਣੌਤੀਪੂਰਨ ਸਮੇਂ ਤੋਂ ਚਾਰ ਸਾਲ ਤੋਂ ਵੱਧ ਸਮੇਂ ਤੱਕ ਵੜਿੰਗ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕੀਤੀ।

ਪਾਰਟੀ ਹਾਈਕਮਾਨ ਦੇ ਫੈਸਲੇ ਤੋਂ ਬਾਅਦ ਵੜਿੰਗ ਨੇ 2 ਅਕਤੂਬਰ ਨੂੰ ਅਹੁਦਾ ਛੱਡ ਦਿੱਤਾ ਸੀ, ਹਾਲਾਂਕਿ ਉਸ ਸਮੇਂ ਵੜਿੰਗ ਨੇ ਅਸਿੱਧੇ ਤੌਰ 'ਤੇ ਪਾਇਲਟ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਸੀ। ਪਾਇਲਟ ਅਨੁਸਾਰ, ਅੱਗੇ ਵਧਣ ਦੀ ਰਣਨੀਤੀ ਤਹਿਤ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਵੜਿੰਗ ਦੀ ਯੋਗਤਾ ਜਾਂ ਚੋਣਾਂ ਪ੍ਰਤੀ ਵਚਨਬੱਧਤਾ ਘੱਟ ਗਈ ਹੈ; ਉਹ ਆਮ ਆਦਮੀ ਪਾਰਟੀ ਵਿਰੁੱਧ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ।

ਨਵੇਂ ਪ੍ਰਦੇਸ਼ ਪ੍ਰਧਾਨ ਪਰਗਟ ਸਿੰਘ ਦੀ ਸ਼ਲਾਘਾ ਕਰਦਿਆਂ ਪਾਇਲਟ ਨੇ ਕਿਹਾ ਕਿ ਉਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਤਿੰਨ ਵਾਰ ਦੇ ਵਿਧਾਇਕ ਹਨ। ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਭੀੜ ਦੀ ਹਿੰਸਾ ਤੋਂ ਦੂਰ ਰਹਿ ਕੇ ਸਿਹਤ, ਖੇਡਾਂ ਅਤੇ ਫਿਟਨੈੱਸ ਵੱਲ ਪ੍ਰੇਰਿਤ ਕਰਨ ਲਈ ਸਭ ਤੋਂ ਢੁਕਵੇਂ ਨੇਤਾ ਹਨ। ਹਾਲਾਂਕਿ ਵੜਿੰਗ ਨੇ 11 ਅਕਤੂਬਰ ਨੂੰ ਪਾਰਟੀ ਅੰਦਰਲੇ ਵਿਰੋਧ ਦਾ ਜ਼ਿਕਰ ਕੀਤਾ ਸੀ, ਪਰ ਉਨ੍ਹਾਂ ਨੇ ਪਰਗਟ ਸਿੰਘ ਨੂੰ ਪੂਰਾ ਸਹਿਯੋਗ ਦੇਣ ਅਤੇ ਕਾਂਗਰਸ ਸਰਕਾਰ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਵਚਨ ਦਿੱਤਾ।

ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ ਪਾਇਲਟ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਵੇਗਾ। ਉਨ੍ਹਾਂ ਦੇ ਮੁਤਾਬਕ, ਭਾਰਤੀ ਜਨਤਾ ਪਾਰਟੀ  ਕਾਂਗਰਸ ਲਈ ਕੋਈ ਗੰਭੀਰ ਚੁਣੌਤੀ ਨਹੀਂ ਹੈ, ਸਗੋਂ ਸ਼੍ਰੋਮਣੀ ਅਕਾਲੀ ਦਲ 'ਆਪ' ਤੋਂ ਬਾਅਦ ਦੂਜੇ ਨੰਬਰ 'ਤੇ ਥੋੜ੍ਹੀ ਚੁਣੌਤੀ ਪੇਸ਼ ਕਰ ਸਕਦੀ ਹੈ।


author

Anmol Tagra

Content Editor

Related News