ਇਕੋ ਨੰਬਰ ਵਾਲੀਆਂ ਦੋ ਕਾਰਾਂ ਨੇ ਭੰਬਲਭੂਸੇ ''ਚ ਪਾਈ ਪੁਲਸ, ਖੁੱਲ੍ਹਿਆ ਰਾਜ਼ ਤਾਂ....
Tuesday, Jan 07, 2025 - 01:23 PM (IST)
ਮੁੰਬਈ- ਦੱਖਣੀ ਮੁੰਬਈ ਦੇ ਕੋਲਾਬਾ ਸਥਿਤ ਤਾਜ ਮਹਿਲ ਪੈਲੇਸ ਹੋਟਲ ਕੋਲ ਸੋਮਵਾਰ ਨੂੰ ਇਕੋ ਨੰਬਰ ਪਲੇਟ ਵਾਲੀਆਂ ਦੋ ਕਾਰਾਂ ਮਿਲੀਆਂ। ਇਕੋ ਨੰਬਰ ਵਾਲੀਆਂ ਦੋ ਕਾਰਾਂ ਨੂੰ ਲੈ ਕੇ ਪੁਲਸ ਭੰਬਲਭੂਸੇ ਵਿਚ ਪਈ ਹੋਈ ਸੀ। ਮੁੰਬਈ ਪੁਲਸ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਗੱਡੀ ਦੀ EMI ਨਾ ਦੇਣ ਸਕਣ ਕਾਰਨ ਜਾਣਬੁੱਝ ਕੇ ਕਾਰ ਦੇ ਮਾਲਕ ਨੇ ਨੰਬਰ ਪਲੇਟ ਵਿਚ ਹੇਰਾ-ਫੇਰੀ ਕੀਤੀ ਸੀ, ਤਾਂ ਕਿ ਫਾਈਨੈਂਸ ਕੰਪਨੀ ਵਾਲੇ ਉਸ ਦੀ ਗੱਡੀ ਨਾ ਚੁੱਕ ਕੇ ਲੈ ਜਾਣ। ਮੁੰਬਈ ਪੁਲਸ ਨੇ ਗੱਡੀ ਦੇ ਮਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਕੋ ਨੰਬਰ ਦੀਆਂ ਦੋ ਕਾਰਾਂ ਵੇਖ ਸਾਕਿਰ ਅਲੀ ਨੇ ਪੁਲਸ ਨੂੰ ਕੀਤਾ ਸੂਚਿਤ
ਕੋਲਾਬਾ ਪੁਲਸ ਸਟੇਸ਼ਨ ਦੇ ਕਰਮੀਆਂ ਮੁਤਾਬਕ ਨਰੀਮਨ ਪੁਆਇੰਟ ਨਿਵਾਸੀ ਸਾਕਿਰ ਅਲੀ ਆਪਣੀ ਰਜਿਸਟ੍ਰੇਸ਼ਨ ਨੰਬਰ MH01-EE-2388 ਵਾਲੀ ਅਰਟਿਗਾ ਕਾਰ ਲੈ ਕੇ ਗੇਟਵੇ ਆਫ ਇੰਡੀਆ ਦੇ ਸਾਹਮਣੇ ਤੋਂ ਲੰਘ ਰਿਹਾ ਸੀ ਜਦੋਂ ਉਸਨੇ ਉਸੇ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਹੋਰ ਅਰਟਿਗਾ ਕਾਰ ਨੂੰ ਖੜ੍ਹੀ ਦੇਖਿਆ। ਉਸ ਨੇ ਆਪਣੀ ਕਾਰ ਰੋਕ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਦੋਵਾਂ ਵਾਹਨਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਜਾਂਚ ਲਈ ਕੋਲਾਬਾ ਪੁਲਸ ਸਟੇਸ਼ਨ ਲਿਜਾਇਆ ਗਿਆ।
ਪੁਲਸ ਨੇ ਫਰਜ਼ੀਵਾੜਾ ਕਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਲਾਬਾ 'ਚ ਦੁਪਹਿਰ 1 ਵਜੇ ਦੇ ਕਰੀਬ ਇਕੋ ਨੰਬਰ ਪਲੇਟ ਵਾਲੀਆਂ ਦੋ ਕਾਰਾਂ ਦੇਖੀਆਂ ਗਈਆਂ। ਇਕ ਨੰਬਰ ਪਲੇਟ ਜਾਅਲੀ ਪਾਈ ਗਈ। ਅਸਲ ਰਜਿਸਟ੍ਰੇਸ਼ਨ ਨੰਬਰ ਵਾਲੇ ਕਾਰ ਡਰਾਈਵਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਸੀ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਵੀਂ ਮੁੰਬਈ ਨਿਵਾਸੀ ਪ੍ਰਸਾਦ ਕਦਮ ਨੇ ਆਪਣੀ ਗੱਡੀ ਦੀ ਨੰਬਰ ਪਲੇਟ ਨਾਲ ਛੇੜਛਾੜ ਕੀਤੀ ਸੀ।
ਕੰਪਨੀ ਦੇ ਏਜੰਟਾਂ ਤੋਂ ਬਚਣ ਲਈ ਬਦਲੀ ਨੰਬਰ ਪਲੇਟ
ਪੁਲਸ ਪੁੱਛ-ਗਿੱਛ ਵਿਚ ਪ੍ਰਸਾਦ ਕਦਮ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਦੀ EMI ਨਹੀਂ ਚੁਕਾਈ ਹੈ। ਉਸ ਦੀ ਗੱਡੀ ਨੂੰ ਉਸ ਫਾਈਨੈਂਸ ਕੰਪਨੀ ਵੱਲੋਂ ਜ਼ਬਤ ਨਾ ਕਰਨ, ਇਸ ਤੋਂ ਬਚਣ ਲਈ ਉਸ ਨੇ ਨੰਬਰ ਪਲੇਟ ਬਦਲੀ ਸੀ। ਸਾਕਿਰ ਅਲੀ ਨੇ ਪੁਲਸ ਨੂੰ ਦੱਸਿਆ ਕਿ ਪ੍ਰਸਾਦ ਕਦਮ ਵਲੋਂ ਕੀਤੇ ਗਏ ਟ੍ਰੈਫਿਕ ਨਿਯਮਾਂ ਦੇ ਉਲੰਘਣ ਲਈ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਚਲਾਨ ਕੱਟਣ ਦਾ ਮੈਸੇਜ ਵੀ ਆਇਆ ਸੀ, ਕਿਉਂਕਿ ਕਦਮ ਨੇ ਆਪਣੀ ਕਾਰ ਦਾ ਨੰਬਰ ਪਲੇਟ ਅਲੀ ਦੀ ਕਾਰ ਦੇ ਨੰਬਰ ਨਾਲ ਬਦਲਿਆ ਸੀ।
ਪੁਲਸ ਜਾਂਚ 'ਚ ਸਾਹਮਣੇ ਆਈ ਇਹ ਗੱਲ
ਅਲੀ ਦੀ ਕਾਰ ਦਾ ਰਜਿਸਟ੍ਰੇਸ਼ਨ ਨੰਬਰ MH01EE2388 ਹੈ, ਜਦਕਿ ਦੂਜੀ ਕਾਰ ਦਾ ਨੰਬਰ MH01EE2383 ਸੀ। ਪ੍ਰਸਾਦ ਕਦਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਜਾਣਬੁਝ ਕੇ ਆਪਣੀ ਨੰਬਰ ਪਲੇਟ ਦਾ ਆਖ਼ਰੀ ਅੰਕ 3 ਤੋਂ 8 ਕਰ ਲਿਆ ਸੀ ਤਾਂ ਕਿ ਉਹ ਫਾਈਨੈਂਸ ਕੰਪਨੀ ਦੇ ਰਿਕਵਰੀ ਏਜੰਟਾਂ ਤੋਂ ਬਚ ਸਕੇ, ਕਿਉਂਕਿ ਉਹ ਆਪਣੀ ਗੱਡੀ ਦੀ EMI ਨਹੀਂ ਚੁਕਾ ਰਿਹਾ ਸੀ।