ਟਰੈਕਟਰ ਪਰੇਡ ’ਚ ਹਿੰਸਾ ਤੋਂ ਬਾਅਦ ਟਵਿਟਰ ਨੇ ਸਸਪੈਂਡ ਕੀਤੇ 550 ਖ਼ਾਤੇ

01/27/2021 6:26:28 PM

ਨਵੀਂ ਦਿੱਲੀ– ਗਣਤੰਤਰ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਟਵਿਟਰ ਨੇ ਬੁੱਧਵਾਰ ਨੂੰ 550 ਖ਼ਾਤੇ ਸਸਪੈਂਡ ਕਰ ਦਿੱਤੇ ਹਨ। ਟਵਿਟਰ ਦੇ ਬੁਲਾਰੇ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪਲੇਟਫਾਰਮ ਨੇ ਉਨ੍ਹਾਂ ਟਵੀਟਸ ਨੂੰ ਵੀ ਲੇਬਲ ਕੀਤਾ ਹੈ ਜੋ ਇਸ ਦੀ ਮੀਡੀਆ ਨੀਤੀ ਦਾ ਉਲੰਘਣ ਕਰ ਰਹੇ ਸਨ। ਬੁਲਾਰੇ ਨੇ ਕਿਹਾ ਕਿ ਅਸੀਂ ਹਿੰਸਾ, ਦੁਰਵਿਵਹਾਰ ਅਤੇ ਧਮਕੀਆਂ ਨਾਲ ਉਕਸਾਉਣ ਦੀ ਕੋਸ਼ਿਸ਼ ਕਰਨ ਵਾਲੇ ਖ਼ਾਤਿਆਂ ਨੂੰ ਸਸਪੈਂਡ ਕੀਤਾ ਹੈ। ਅਜਿਹੇ ਲੋਕ ਨਿਯਮਾਂ ਨੂੰ ਤੋੜ ਕੇ ਨੁਕਸਾਨ ਜਾਂ ਖ਼ਤਰਾ ਪੈਦਾ ਕਰ ਸਕਦੇ ਹਨ ਜੋ ਸਾਡੇ ਨਿਯਮਾਂ ਦਾ ਉਲੰਘਣ ਹੈ। 

 

ਦਿੱਲੀ ਪੁਲਸ ਨੇ ਟਵਿਟਰ ਖ਼ਾਤਿਆਂ ਨੂੰ ਲੈ ਕੇ ਪਹਿਲਾਂ ਹੀ ਕੀਤਾ ਸੀ ਅਲਰਟ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦਿੱਲੀ ਪੁਲਸ ਨੇ ਵੀ ਦਾਅਵਾ ਕੀਤਾ ਸੀ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਪਰੇਡ ਨੂੰ ਭੰਗ ਕਰਨ ਲਈ ਪਾਕਿਸਤਾਨ ਤੋਂ 300 ਤੋਂ ਜ਼ਿਆਦਾ ਟਵਿਟਰ ਖ਼ਾਤੇ ਬਣਾਏ ਗਏ ਹਨ। ਇਸ ਸੰਬੰਧ ’ਚ ਵਿਸ਼ੇਸ਼ ਪੁਲਸ ਕਮਿਸ਼ਨ (ਖੂਫੀਆ) ਦੀਪੇਂਦਰ ਪਾਠਕ ਨੇ ਕਿਹਾ ਸੀ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਭੰਗ ਕਰਨ ਲਈ ਪਾਕਿਸਤਾਨ ਤੋਂ 13 ਤੋਂ 18 ਫਰਵਰੀ ਦੌਰਾਨ 300 ਤੋਂ ਜ਼ਿਆਦਾ ਟਵਿਟਰ ਖ਼ਾਤੇ ਬਣਾਏ ਗਏ ਹਨ। ਇਸ ਸੰਬੰਧ ’ਚ ਵੱਖ-ਵੱਖ ਏਜੰਸੀਆਂ ਤੋਂ ਇਕ ਹੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ। 

ਜ਼ਿਕਰਯੋਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਦੇ ਕਈ ਹਿੱਸਿਆਂ ’ਚ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ। ਹਾਲਾਂਕਿ, ਲਾਲ ਕਿਲ੍ਹੇ ਦੇ ਰਸਤੇ ’ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਅਤੇ ਕਾਫੀ ਦੇਰ ਤਕ ਹੰਗਾਮਾ ਚਲਦਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਕਈ ਜਨਤਕ ਥਾਵਾਂ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਪੁਲਸ ਨੇ ਹਿੰਸਾ ਨੂੰ ਲੈ ਕੇ ਕੁਲ 22 ਐੱਫ.ਆਈ.ਆਰ. ਦਰਜ ਕੀਤੀਆਂ ਹਨ। ਹਿੰਸਾ ’ਚ 300 ਤੋਂ ਜ਼ਿਆਦਾ ਪੁਲਸ ਵਾਲਿਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਇਸ ਤੋਂ ਇਲਾਵਾ ਹਿੰਸਾ ਮਾਮਲੇ ’ਚ ਦਿੱਲੀ ਪੁਲਸ ਨੇ 200 ਲੋਕਾਂ ਨੂੰ ਹਿਰਾਸਤ ’ਚ ਵੀ ਲਿਆ ਹੈ। 26 ਨਵੰਬਰ 2020 ਤੋਂ ਬਾਅਦ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। 


Rakesh

Content Editor

Related News