ਜੁੜਵਾ ਭਰਾਵਾਂ ਨੇ NEET ਪਾਸ ਕਰ ਪਿਤਾ ਦਾ ਸੁਫ਼ਨਾ ਕੀਤਾ ਪੂਰਾ, ਹੁਣ ਇਕੱਠੇ ਬਣਨਗੇ ਡਾਕਟਰ

Tuesday, Oct 20, 2020 - 03:05 PM (IST)

ਸ਼੍ਰੀਨਗਰ- ਮੈਡੀਕਲ ਪ੍ਰਵੇਸ਼ ਪ੍ਰੀਖਿਆ 'ਨੀਟ' 'ਚ ਇਸ ਸਾਲ ਸਭ ਤੋਂ ਵੱਧ ਪਾਸ ਹੋਣ ਵਾਲੇ ਵਿਦਿਆਰਥੀ ਉੱਤਰ ਪ੍ਰਦੇਸ਼ ਤੋਂ ਹਨ, ਜਦੋਂ ਕਿ ਦੂਜੇ ਨੰਬਰ 'ਤੇ ਮਹਾਰਾਸ਼ਟਰ ਦੇ ਵਿਦਿਆਰਥੀ ਹਨ। ਹਾਲਾਂਕਿ ਇਸ ਵਾਰ ਕਸ਼ਮੀਰ ਦੇ ਵਿਦਿਆਰਥੀਆਂ ਨੇ ਵੀ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਗੁਲਮਰਗ ਦੇ ਰਹਿਣ ਵਾਲੇ ਜੁੜਵਾ ਭਰਾਵਾਂ ਨੇ ਵੀ ਨੀਟ 'ਚ ਕਾਮਯਾਬੀ ਹਾਸਲ ਕਰ ਕੇ ਉੱਥੋਂ ਦੇ ਨੌਜਵਾਨਾਂ ਲਈ ਨਵੀਂ ਮਿਸਾਲ ਪੇਸ਼ ਕੀਤੀ ਹੈ। ਨੀਟ ਪਾਸ ਕਰਨ ਵਾਲੇ ਭਰਾਵਾਂ ਦਾ ਨਾਂ ਸ਼ਾਕਿਰ ਅਤੇ ਗੋਹਰ ਹੈ। ਉਨ੍ਹਾਂ ਨੇ ਕੁੱਲ 720 ਅੰਕਾਂ 'ਚੋਂ 651 ਅਤੇ 657 ਅੰਕ ਹਾਸਲ ਕੀਤੇ ਹਨ। ਦੋਹਾਂ ਦੀ ਕਾਮਯਾਬੀ ਨਾਲ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਜੁੜਵਾ ਬੇਟਿਆਂ ਦੇ ਪਿਤਾ ਬਸ਼ੀਰ ਅਹਿਮਦ ਭੱਟ ਇਕ ਦੁਕਾਨ 'ਤੇ ਸੁਰੱਖਿਆ ਗਾਰਡ ਦੇ ਰੂਪ 'ਚ ਕੰਮ ਕਰਦੇ ਹਨ। ਬੇਟਿਆਂ ਦੀ ਸਫ਼ਲਤਾ 'ਤੇ ਉਨ੍ਹਾਂ ਨੇ ਕਿਹਾ ਕਿ ਹੁਣ ਮੇਰਾ ਸੁਫ਼ਨਾ ਪੂਰਾ ਹੋ ਗਿਆ। 

ਅਹਿਮਦ ਭੱਟ ਨੇ ਦੱਸਿਆ ਕਿ ਦੋਹਾਂ ਬੇਟਿਆਂ ਨੇ ਕਾਫ਼ੀ ਮਿਹਨਤ ਕੀਤੀ ਹੈ। ਆਰਥਿਕ ਤੰਗੀ ਹੋਣ ਦੇ ਬਾਵਜੂਦ ਵੀ ਮੈਂ ਬੱਚਿਆਂ ਦੀ ਪੜ੍ਹਾਈ ਨਾਲ ਜੁੜੀ ਹਰ ਜ਼ਰੂਰਤ ਪੂਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੋ ਬੱਚੇ ਡਰੱਗਜ਼ ਵੱਲ ਜਾ ਰਹੇ ਹਨ, ਉਨ੍ਹਾਂ ਨੂੰ ਭਵਿੱਖ ਖਰਾਬ ਨਹੀਂ ਕਰਨਾ ਚਾਹੀਦਾ, ਕਿਉਂਕਿ ਮਾਪਿਆਂ ਦੀਆਂ ਆਪਣੇ ਬੱਚਿਆਂ ਤੋਂ ਕਾਫ਼ੀ ਇੱਛਾਵਾਂ ਹੁੰਦੀਆਂ ਹਨ। ਦੱਸਣਯੋਗ ਹੈ ਕਿ ਸਾਲ 2019 'ਚ ਦੋਹਾਂ ਭਰਾਵਾਂ ਨੇ ਜੇ.ਈ.ਈ. ਮੇਨ ਦੀ ਪ੍ਰੀਖਿਆ 'ਚ ਸਫ਼ਲਤਾ ਹਾਸਲ ਕੀਤੀ ਸੀ ਅਤੇ ਐੱਨ.ਆਈ.ਟੀ. ਸ਼੍ਰੀਨਗਰ 'ਚ ਦਾਖਲਾ ਲਿਆ ਸੀ। ਇਸ ਸਾਲ ਨੀਟ ਲਈ ਉਨ੍ਹਾਂ ਦੀ ਇਹ ਦੂਜੀ ਕੋਸ਼ਿਸ਼ ਸੀ। ਸ਼ਾਕਿਰ ਨੇ ਦੱਸਿਆ ਕਿ ਅਸੀਂ ਕੋਵਿਡ-19 ਕਾਰਨ ਮਿਲੇ ਮੌਕੇ ਨੂੰ ਪੜ੍ਹਾਈ ਲਈ ਸਮਰਪਿਤ ਕਰ ਦਿੱਤਾ, ਨਤੀਜਾ ਸਾਹਮਣੇ ਹੈ।
 


DIsha

Content Editor

Related News