ਟਰੱਕ ਅਤੇ ਜੀਪ ਦੀ ਭਿਆਨਕ ਟੱਕਰ 'ਚ 6 ਲੋਕਾਂ ਦੀ ਮੌਤ, 7 ਜ਼ਖਮੀ

Monday, May 20, 2019 - 10:04 AM (IST)

ਟਰੱਕ ਅਤੇ ਜੀਪ ਦੀ ਭਿਆਨਕ ਟੱਕਰ 'ਚ 6 ਲੋਕਾਂ ਦੀ ਮੌਤ, 7 ਜ਼ਖਮੀ

ਅੰਬਿਕਾਪੁਰ— ਛੱਤੀਸਗੜ੍ਹ ਦੇ ਸਰਗੁਜਾ ਜ਼ਿਲੇ ਦੇ ਅੰਬਿਕਾਪੁਰ-ਬਨਾਰਸ ਰੋਡ 'ਤੇ ਟਰੱਕ ਅਤੇ ਜੀਪ ਦੀ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜੀਪ ਸਵਾਰ ਸਾਰੇ ਲੋਕ ਦੇਵੀ ਦਰਸ਼ਨ ਲਈ ਜਾ ਰਹੇ ਸਨ। ਸਰਗੁਜਾ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਕੈਲਾਸ਼ ਚੰਦਰ ਅਗਰਵਾਲ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹੋਏ ਇਸ ਹਾਦਸੇ 'ਚ ਜੀਪ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਜੀਪ ਚਾਲਕ ਅਤੇ ਇਕ ਔਰਤ ਦੀ ਮੌਤ ਹਸਪਤਾਲ 'ਚ ਹੋਈ ਹੈ। ਅਗਰਵਾਲ ਨੇ ਦੱਸਿਆ ਕਿ ਅੰਬਿਕਾਪੁਰ ਤੋਂ 60 ਕਿਲੋਮੀਟਰ ਦੂਰ ਬਨਾਰਸ ਰੋਡ ਦੇ ਘਾਟਪੇਂਡਾਰੀ 'ਤੇ ਇਸ ਹਾਦਸੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਫੋਰਸ ਨੂੰ ਭੇਜ ਦਿੱਤਾ ਗਿਆ ਸੀ।

ਸ਼੍ਰੀ ਅਗਰਵਾਲ ਨੇ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਅਤੇ ਜੀਪ ਦੀ ਆਹਮਣੇ-ਸਾਹਮਣੇ ਦੀ ਟੱਕਰ ਹੋਣ ਕਾਰਨ ਇਹ ਵੱਡਾ ਹਾਦਸਾ ਹੋਇਆ। ਇਸ ਮੋੜ 'ਤੇ ਦੋਹਾਂ ਹੀ ਵਾਹਨਾਂ ਦੇ ਚਾਲਕਾਂ ਨੇ ਸਾਵਧਾਨੀ ਅਤੇ ਕੰਟਰੋਲ ਨਹੀਂ ਰੱਖਿਆ। ਹਾਦਸੇ ਦੀ ਸ਼ਿਕਾਰ ਜੀਪ 'ਚ ਬਲਰਾਮਪੁਰ ਦੇ ਵਿਜੇ ਨਗਰ ਥਾਣਾ ਅਧੀਨ ਪਿੰਡ ਭਾਲਾ ਦਾ ਪਰਿਵਾਰ ਮੌਜੂਦ ਸੀ। ਇਹ ਸਾਰੇ ਲੋਕ ਦੇਵੀ ਦਰਸ਼ਨ ਲਈ ਕੁਦਰਗੜ੍ਹ ਜਾ ਰਹੇ ਸਨ। ਇਹ ਪਰਿਵਾਰ ਤੜਕੇ ਕੁਦਰਗੜ੍ਹ ਪਹੁੰਚਣਾ ਚਾਅ ਰਿਹਾ ਸੀ ਤਾਂ ਧੁੱਪ ਤਿੱਖੀ ਹੋਣ ਤੋਂ ਪਹਿਲਾਂ ਦਰਸ਼ਨ ਕਰ ਕੇ ਜਲਦ ਆ ਸਕਣ। ਮ੍ਰਿਤਕ ਸਾਰੇ 6 ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਕੇ ਪੁਲਸ ਨੇ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। ਹਾਦਸੇ ਦੀ ਜਾਂਚ ਕਰ ਰਹੇ ਸੂਰਜਪੁਰ ਪੁਲਸ ਕਮਿਸ਼ਨਰ ਗਿਰੀਜਾ ਸ਼ੰਕਰ ਜਾਇਸਵਾਲ ਨੇ ਦੱਸਿਆ ਕਿ ਜੀਪ ਅਤੇ ਟਰੱਕ ਦੀ ਟੱਕਰ 'ਚ ਸੋਨਭੱਦਰ ਜ਼ਿਲੇ ਦਾ ਟਰੱਕ ਚਾਲਕ ਅਹਿਮਦ ਅਤੇ ਜੀਪ ਚਾਲਕ ਪੰਨਾਲਾਲ ਤੋਂ ਇਲਾਵਾ ਜੀਪ 'ਚ ਸਵਾਰ ਰਤੂ (45), ਧਿਆਨਰਾਮ (50), ਕੁਮਾਰੀ ਰੇਸ਼ਮਾ (12), ਸ਼੍ਰੀਮਤੀ ਅੰਜੁਲਤਾ (45) ਦੀ ਮੌਤ ਹੋ ਗਈ ਹੈ। ਸ਼੍ਰੀ ਜਾਇਸਵਾਲ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ 7 ਲੋਕਾਂ ਦਾ ਅੰਬਿਕਾਪੁਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


author

DIsha

Content Editor

Related News