ਧੀ ਦਾ ਵਿਆਹ ਕਰਨ ਮਗਰੋਂ ਕਰਜ਼ੇ ਹੇਠ ਡੁੱਬਿਆ ਕਿਸਾਨ, ਚੁੱਕਿਆ ਖ਼ੌਫਨਾਕ ਕਦਮ

9/24/2020 6:40:14 PM

ਫਤਿਹਪੁਰ— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਕਿਸ਼ਨਪੁਰ ਖੇਤਰ ਵਿਚ ਕਰਜ਼ ਅਦਾ ਨਾ ਕਰ ਸਕਣ ਤੋਂ ਪਰੇਸ਼ਾਨ ਇਕ ਕਿਸਾਨ ਨੇ ਵੀਰਵਾਰ ਯਾਨੀ ਕਿ ਅੱਜ ਜੰਗਲ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਿਸ਼ੁਨਪੁਰਾ ਥਾਣਾ ਖੇਤਰ ਦੇ ਨਰੈਨੀ ਪਿੰਡ ਵਿਚ ਕਿਸਾਨ ਮਹਿੰਦਰ ਸਵਿਤਾ ਦੀ ਲਾਸ਼ ਸਵੇਰੇ ਜੰਗਲ ’ਚ ਦਰੱਖਤ ਨਾਲ ਰੱਸੀ ਦੇ ਫਾਹੇ ਨਾਲ ਲਟਕਦੀ ਮਿਲੀ ਹੈ। ਉਹ ਸਵੇਰੇ ਝੋਨੇ ਦੀ ਫ਼ਸਲ ਵੇਖਣ ਲਈ ਖੇਤਾਂ ’ਚ ਗਿਆ ਸੀ।

ਪੁਲਸ ਮੁਤਾਬਕ ਪਿੰਡ ਵਾਸੀਆਂ ਦੀ ਸੂਚਨਾ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ। ਓਧਰ ਮਿ੍ਰਤਕ ਦੀ ਪਤਨੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਮਹਿੰਦਰ ਨੇ ਆਪਣੀ ਵੱਡੀ ਧੀ ਸਾਨੀਆ ਦਾ ਵਿਆਹ ਇਸੇ ਸਾਲ ਜੂਨ ਮਹੀਨੇ ਵਿਚ ਕੀਤਾ ਸੀ। ਵਿਆਹ ਵਿਚ ਆਏ ਖ਼ਰਚ ਕਾਰਨ ਉਸ ਦੇ ਕਰਿਆਨੇ ਦੀ ਦੁਕਾਨ ਬੰਦ ਹੋ ਗਈ ਸੀ। ਉਥੇ ਹੀ ਕਮੇਟੀ ਤੋਂ ਲਏ ਗਏ 60 ਹਜ਼ਾਰ ਰੁਪਏ ਕਰਜ਼ ਦੀ ਅਦਾਇਗੀ ਨਾ ਕਰ ਸਕਣ ਕਾਰਨ ਉਹ ਪਰੇਸ਼ਾਨ ਸੀ। ਇਸ ਤੋਂ ਦੁਖੀ ਹੋ ਕੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਸੂਤਰਾਂ ਮੁਤਾਬਕ ਇਸ ਘਟਨਾ ਦੀ ਸੂਚਨਾ ਮਾਲੀਆ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। 

ਦੱਸਣਯੋਗ ਹੈ ਕਿ ਅੱਜ ਅੰਨਦਾਤਾ ਇਕ ਵਾਰ ਫਿਰ ਸੜਕਾਂ ’ਤੇ ਹੈ। ਖੇਤੀ ਬਿੱਲਾਂ ਦੇ ਵਿਰੋਧ ਕਾਰਨ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਵਲੋਂ ਤਿੰਨ ਖੇਤੀ ਬਿੱਲਾਂ ਨੂੰ ਪਾਸ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਹਨ। 
 


Tanu

Content Editor Tanu