''ਤਿੰਨ ਤਲਾਕ'' ਖ਼ਿਲਾਫ਼ ਲੜਾਈ ਲੜਨ ਵਾਲੀ ਸਾਇਰਾ ਬਾਨੋ ਨੇ ਫੜ੍ਹਿਆ BJP ਦਾ ਪੱਲਾ

10/11/2020 11:17:42 AM

ਦੇਹਰਾਦੂਨ— 'ਤਿੰਨ ਤਲਾਕ' ਖ਼ਿਲਾਫ਼ ਸੁਪਰੀਮ ਕੋਰਟ ਵਿਚ ਲੰਬੀ ਲੜਾਈ ਵਾਲੀ ਸਾਇਰਾ ਬਾਨੋ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਸ਼ਨੀਵਾਰ ਨੂੰ ਸੂਬਾਈ ਭਾਜਪਾ ਪ੍ਰਧਾਨ ਬੰਸੀਧਰ ਭਗਤ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਪਾਰਟੀ ਦਾ ਪੱਲਾ ਫੜ੍ਹਿਆ। ਸਾਇਰਾ ਬਾਨੋ ਪਹਿਲੀ ਬੀਬੀ ਹੈ, ਜੋ ਸੁਪਰੀਮ ਕੋਰਟ ਵਿਚ ਤਿੰਨ ਤਲਾਕ ਖ਼ਿਲਾਫ਼ ਪਟੀਸ਼ਨਕਰਤਾ ਸੀ। ਸਾਇਰਾ ਨੇ ਸੁਪਰੀਮ ਕੋਰਟ ਵਿਚ ਤਿੰਨ ਤਲਾਕ ਦੇ ਮਾਮਲੇ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਹੀ ਅਦਾਲਤ ਨੇ ਮੁਸਲਿਮ ਭਾਈਚਾਰੇ 'ਚ ਹੋਣ ਵਾਲੇ ਤਿੰਨ ਤਲਾਕ 'ਤੇ ਪਾਬੰਦੀ ਲਾ ਦਿੱਤੀ ਸੀ ਅਤੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। 

PunjabKesari
ਓਧਰ ਭਾਜਪਾ ਪ੍ਰਧਾਨ ਬੰਸੀਧਰ ਭਗਤ ਨੇ ਆਸ ਜ਼ਾਹਰ ਕੀਤੀ ਹੈ ਕਿ ਜਿਸ ਤਰ੍ਹਾਂ ਬਾਨੋ ਨੇ ਪੂਰੀ ਮਜ਼ਬੂਤ ਇੱਛਾ ਸ਼ਕਤੀ ਨਾਲ ਤਿੰਨ ਤਲਾਕ ਮਾਮਲੇ ਦੀ ਸੁਪਰੀਮ ਕੋਰਟ ਵਿਚ ਨਿਆਂਇਕ ਲੜਾਈ ਲੜੀ, ਉਸ ਤਰ੍ਹਾਂ ਉਹ ਭਾਜਪਾ ਦੇ ਸਿਧਾਂਤਾਂ ਨੂੰ ਅੱਗੇ ਵਧਾਉਣ ਦੇ ਕੰਮ ਕਰੇਗੀ। 38 ਸਾਲਾ ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀ ਭਾਈਚਾਰੇ ਦਰਮਿਆਨ ਭਾਜਪਾ ਬਾਰੇ ਗਲਤਫਹਿਮੀਆਂ ਨੂੰ ਦੂਰ ਕਰਨਾ ਚਾਹੁੰਦੀ ਹੈ। ਜਦੋਂ ਸਾਇਰਾ ਬਾਨੋ ਤੋਂ ਪੁੱਛਿਆ ਗਿਆ ਕਿ ਉਹ ਚੋਣ ਲੜੇਗੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਚੋਣ ਲੜਨ ਦੇ ਮਕਸਦ ਨਾਲ ਭਾਜਪਾ 'ਚ ਨਹੀਂ ਆਈ ਹੈ ਪਰ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦੇਵੇਗੀ ਤਾਂ ਉਹ ਇਨਕਾਰ ਨਹੀਂ ਕਰੇਗੀ। ਸਾਇਰਾ ਨੇ ਕਿਹਾ ਕਿ ਮੇਰੀ ਪਾਰਟੀ ਮੈਨੂੰ ਜੋ ਕਹੇਗੀ ਉਹ ਮੈਂ ਕਰਾਂਗੀ। 
PunjabKesari

ਕੌਣ ਹੈ ਸਾਇਰਾ ਬਾਨੋ—
ਸਾਇਰਾ ਬਾਨੋ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਤਿੰਨ ਤਲਾਕ ਦੀ ਸੰਵਿਧਾਨਕਤਾ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਇਸ ਪਟੀਸ਼ਨ ਵਿਚ ਮੁਸਲਮਾਨਾਂ ਵਿਚ ਪ੍ਰਚਲਿਤ ਬਹੁ-ਵਿਆਹ ਪ੍ਰਥਾ ਨੂੰ ਵੀ ਗਲਤ ਦੱਸਦੇ ਹੋਏ ਉਸ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। ਸਾਇਰਾ ਦਾ ਕਹਿਣਾ ਸੀ ਕਿ ਤਿੰਨ ਤਲਾਕ ਸੰਵਿਧਾਨ ਦੀ ਧਾਰਾ-14 ਅਤੇ 15 ਤਹਿਤ ਮਿਲੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ। ਸਾਇਰਾ ਨੇ ਸਮਾਜ ਸ਼ਾਸਤਰ ਵਿਚ ਐੱਮ. ਏ. ਕੀਤੀ ਹੈ। ਸਾਲ 2001 ਵਿਚ ਉਨ੍ਹਾਂ ਦਾ ਵਿਆਹ ਹੋਇਆ। 10 ਅਕਤੂਬਰ 2015 ਨੂੰ ਉਨ੍ਹਾਂ ਦੇ ਪਤੀ ਨੇ ਤਲਾਕ ਦੇ ਦਿੱਤਾ ਸੀ। ਤਲਾਕ ਮਗਰੋਂ ਉਹ ਆਪਣੇ ਮਾਪਿਆਂ ਨਾਲ ਹੀ ਰਹਿ ਰਹੀ ਹੈ।


Tanu

Content Editor

Related News