ਭਾਰਤ ''ਚ ਵੀ ਰੋਕਿਆ ਗਿਆ ਕੋਵਿਡ ਵੈਕਸੀਨ ਦਾ ਟ੍ਰਾਇਲ
Thursday, Sep 10, 2020 - 11:22 PM (IST)
ਨਵੀਂ ਦਿੱਲੀ (ਏ. ਐੱਨ. ਆਈ.)- ਭਾਰਤ 'ਚ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਕਸਫੋਰਡ ਦੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਫਿਲਹਾਲ ਰੋਕ ਦਿੱਤਾ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਅਗਲਾ ਨਿਰਦੇਸ਼ ਆਉਣ ਤੱਕ ਟ੍ਰਾਇਲ 'ਤੇ ਰੋਕ ਰਹੇਗੀ। ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਇਹ ਟ੍ਰਾਇਲ ਰੋਕਿਆ ਗਿਆ ਹੈ।
ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜੇਨੇਕਾ ਪੀ. ਐੱਲ. ਵਲੋਂ ਵਿਕਸਤ ਕੀਤੀ ਜਾ ਰਹੀ ਕੋਰੋਨਾ ਵਾਇਰਸ ਦੇ ਟ੍ਰਾਇਲ ਦੇ ਸ਼ੁਰੂਆਤੀ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ। ਹਾਲਾਂਕਿ, ਬ੍ਰਿਟੇਨ 'ਚ ਇਕ ਵਾਲੰਟੀਅਰ ਦੇ ਬੀਮਾਰ ਪੈਣ ਤੋਂ ਬਾਅਦ ਬ੍ਰਿਟੇਨ ਅਤੇ ਅਮਰੀਕਾ 'ਚ ਟ੍ਰਾਇਲ ਰੋਕ ਦਿੱਤਾ ਗਿਆ। ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਰ ਪੂਨਾਵਾਲਾ ਨੇ ਕਿਹਾ ਸੀ ਕਿ ਭਾਰਤ 'ਚ ਵੈਕਸੀਨ ਦੇ ਟ੍ਰਾਇਲ 'ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।
ਇਸ ਤੋਂ ਬਾਅਦ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਨਿਟਸ ਜਾਰੀ ਕਰ ਦਿੱਤਾ ਹੈ ਤੇ ਸਵਾਲ ਕੀਤਾ ਸੀ ਕਿ ਸੀਰਮ ਨੇ ਦੂਜੇ ਦੇਸ਼ਾਂ 'ਚ ਚੱਲ ਰਹੇ ਟ੍ਰਾਇਲ ਦੇ ਨਤੀਜਿਆਂ ਦੇ ਬਾਰੇ 'ਚ ਜਾਣਕਾਰੀ ਕਿਉਂ ਨਹੀਂ ਦਿੱਤੀ। ਭਾਰਤ 'ਚ ਆਕਸਫੋਰਡ ਦੀ ਵੈਕਸੀਨ ਦੇ ਦੂਜੇ ਅਤੇ ਤੀਜੇ ਫੇਜ ਦੇ ਟ੍ਰਾਇਲ 17 ਥਾਵਾਂ 'ਤੇ ਚਲਾਏ ਜਾ ਰਹੇ ਹਨ। ਹਾਲਾਂਕਿ ਡੀ. ਸੀ. ਜੀ. ਆਈ. ਦੇ ਨੋਟਿਸ ਮਿਲਣ ਤੋਂ ਬਾਅਦ ਸੀਰਮ ਇੰਸਟੀਚਿਊਟ ਨੇ ਟ੍ਰਾਇਲ ਰੋਕਣ ਦਾ ਫੈਸਲਾ ਕੀਤਾ ਹੈ।