ਭਾਰਤੀ ਹਵਾਈ ਅੱਡਿਆਂ ''ਤੇ ਰੋਕੇ ਇਰਾਕ ਜਾਣ ਵਾਲੇ ਯਾਤਰੀ

01/12/2020 8:25:16 PM

ਮੁੰਬਈ— ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਭਾਰਤ ਤੋਂ ਇਰਾਕ ਜਾਣ ਵਾਲੇ ਕੁਝ ਖ਼ਾਸ ਤੀਰਥ–ਯਾਤਰੀਆਂ 'ਤੇ ਵੀ ਪਿਆ ਹੈ। ਸੁਰੱਖਿਆ ਕਾਰਨਾਂ ਕਰ ਕੇ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ 'ਤੇ 110 ਤੀਰਥ–ਯਾਤਰੀਆਂ ਨੂੰ ਮੁੰਬਈ ਤੋਂ ਇਰਾਕ ਜਾਣ ਵਾਲੇ ਹਵਾਈ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਇਹ ਤੀਰਥ–ਯਾਤਰੀ ਦਰਅਸਲ ਦਾਊਦੀ ਬੋਹਰਾ ਭਾਈਚਾਰੇ ਨਾਲ ਸਬੰਧਤ ਹਨ।
ਇਹ ਸਭ ਇਰਾਕ ਦੇ ਇਕ ਪਵਿੱਤਰ ਧਾਰਮਿਕ ਸਥਾਨ 'ਤੇ ਜਾ ਰਹੇ ਸਨ। ਉਨ੍ਹਾਂ ਨੇ ਇਰਾਕੀ ਏਅਰਵੇਜ਼ ਦੀ ਉਡਾਣ ਰਾਹੀਂ ਨਜਫ਼ ਜਾਣਾ ਸੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ਉੱਤੇ ਹੀ ਰੋਕ ਦਿੱਤਾ। ਉਨ੍ਹਾਂ ਵਿੱਚੋਂ ਕਈਆਂ ਨੂੰ ਇਮੀਗ੍ਰੇਸ਼ਨ ਤੋਂ ਕਲੀਅਰੈਂਸ (ਹਰੀ ਝੰਡੀ) ਵੀ ਮਿਲ ਗਈ ਸੀ।
ਜਿਹੜੇ ਯਾਤਰੀਆਂ ਨੂੰ ਇਮੀਗ੍ਰੇਸ਼ਨ ਵਿਭਾਗ ਦੀ ਹਰੀ ਝੰਡੀ ਮਿਲ ਗਈ ਸੀ, ਉਨ੍ਹਾਂ ਸਭ ਨੂੰ ਬੋਰਡਿੰਗ ਗੇਟ ਤੋਂ ਵਾਪਸ ਲਿਆਂਦਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਏਅਰਲਾਈਨਜ਼ ਨੂੰ ਅੱਧੀ ਰਾਤ ਤੋਂ ਬਾਅਦ ਬੋਰਡਿੰਗ ਪਾਸ ਜਾਰੀ ਕਰਨ ਤੋਂ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੂੰ ਹਦਾਇਤਾਂ ਮਿਲੀਆਂ ਸਨ ਕਿ ਇਰਾਕ ਦੀ ਯਾਤਰਾ ਕਰਨੀ ਭਾਰਤੀਆਂ ਲਈ ਸੁਰੱਖਿਅਤ ਨਹੀਂ ਹੈ।
ਦੱਸਣਯੋਗ ਹੈ ਕਿ ਬੀਤੀ 8 ਜਨਵਰੀ ਨੂੰ ਵਿਦੇਸ਼ ਮੰਤਰਾਲੇ ਨੇ ਜਾਰੀ ਇਕ ਸਰਕੂਲਰ 'ਚ ਆਖਿਆ ਸੀ ਕਿ ਉਸ ਨੇ ਇਰਾਕ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਵਾਨਗੀ ਮੁਲਤਵੀ ਕਰ ਦਿੱਤੀ ਹੈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਮੱਧ–ਪੂਰਬੀ ਦੇਸ਼ਾਂ 'ਚ ਵਧਦੇ ਤਣਾਅ ਕਾਰਣ ਸਾਰੀਆਂ ਭਾਰਤੀ ਏਅਰਲਾਈਨਜ਼ ਨੂੰ ਇਰਾਕ, ਈਰਾਨ ਤੇ ਫ਼ਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਤੋਂ ਬਚਣ ਦੀ ਸਲਾਹ ਦਿੱਤੀ ਸੀ।
ਗ੍ਰਹਿ ਮੰਤਰਾਲੇ ਦੀ ਹਦਾਇਤ ਮੁਤਾਬਕ ਇਰਾਕ ਦੀ ਯਾਤਰਾ ਕਰਨੀ ਹੁਣ ਅਸੁਰੱਖਿਅਤ ਹੈ। ਸਾਨੂੰ ਹਵਾਈ ਜਹਾਜ਼ 'ਚ ਸਵਾਰ ਹੋਣ ਤੋਂ ਯਾਤਰੀਆਂ ਨੂੰ ਰੋਕਣਾ ਪਿਆ।


KamalJeet Singh

Content Editor

Related News